ਬਿਊਰੋ ਰਿਪੋਰਟ (ਚੰਡੀਗੜ੍ਹ, 25 ਸਤੰਬਰ 2025): ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਚੰਡੀਗੜ੍ਹ 26 ਅਕਤੂਬਰ ਰਾਤ 1 ਵਜੇ ਤੋਂ 7 ਨਵੰਬਰ ਰਾਤ 11:59 ਵਜੇ ਤੱਕ ਉਡਾਣਾਂ ਲਈ ਬੰਦ ਰਹੇਗਾ। ਅਧਿਕਾਰੀਆਂ ਮੁਤਾਬਕ, ਇਹ ਬੰਦਿਸ਼ ਰਨਵੇ ’ਤੇ ਪੋਲਿਮਰ ਮੋਡੀਫਾਇਡ ਇਮਲਸ਼ਨ (polymer modified emulsion) ਕੰਮ ਕਾਰਨ ਲਗਾਈ ਗਈ ਹੈ।
ਇਸ ਕੰਮ ਦੌਰਾਨ ਫਿਕਸਡ ਵਿੰਗ ਏਅਰਕ੍ਰਾਫਟ ਦੀਆਂ ਉਡਾਣਾਂ ਨਹੀਂ ਹੋਣਗੀਆਂ। ਹਾਲਾਂਕਿ, ਰੋਟਰੀ ਵਿੰਗ ਏਅਰਕ੍ਰਾਫਟ (ਹੈਲੀਕਾਪਟਰ) ਨੂੰ ਪਹਿਲਾਂ ਇਜਾਜ਼ਤ ਮਿਲਣ ’ਤੇ ਉਡਾਣ ਦੀ ਆਗਿਆ ਹੋ ਸਕਦੀ ਹੈ। ਇਹ ਲਗਭਗ ਦੋ ਹਫ਼ਤਿਆਂ ਦੀ ਬੰਦਿਸ਼ ਖ਼ਾਸ ਤੌਰ ’ਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਯਾਤਰੀਆਂ ਦੀ ਯਾਤਰਾ ਯੋਜਨਾ ਨੂੰ ਬਹੁਤ ਪ੍ਰਭਾਵਿਤ ਕਰੇਗੀ ਕਿਉਂਕਿ ਇਸ ਸਮੇਂ ਹਵਾਈ ਅੱਡੇ ’ਤੇ ਸਭ ਤੋਂ ਵੱਧ ਭੀੜ ਰਹਿੰਦੀ ਹੈ।
ਫਿਲਹਾਲ ਚੰਡੀਗੜ੍ਹ ਹਵਾਈ ਅੱਡੇ ਤੋਂ ਰੋਜ਼ਾਨਾ 50 ਤੋਂ ਵੱਧ ਉਡਾਣਾਂ ਚਲਦੀਆਂ ਹਨ, ਜਿਨ੍ਹਾਂ ਰਾਹੀਂ ਲਗਭਗ 10,000 ਯਾਤਰੀ ਸਫ਼ਰ ਕਰਦੇ ਹਨ। ਇਹ ਹਵਾਈ ਅੱਡਾ ਕੁੱਲ 21 ਮੰਜ਼ਿਲਾਂ ਲਈ ਸਿੱਧੀਆਂ ਉਡਾਣਾਂ ਚਲਾਉਂਦਾ ਹੈ- 19 ਦੇਸ਼ ਦੇ ਅੰਦਰੂਨੀ ਸ਼ਹਿਰਾਂ ਲਈ ਅਤੇ 2 ਅੰਤਰਰਾਸ਼ਟਰੀ ਮੰਜ਼ਿਲਾਂ ਦੁਬਈ ਅਤੇ ਅਬੂਧਾਬੀ ਲਈ।