‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਨੇ ਸਾਰੀ ਦੁਨੀਆ ਦੇ ਕੰਮ ਕਾਜ ਠੱਪ ਕਰਕੇ ਵਿੱਤੀ ਨੁਕਸਾਨ ਪਹੁੰਚਾਇਆ ਹੈ। ਅਜਿਹੇ ਹਾਲਾਤਾਂ ਦੇ ਵਿੱਚ ਚੰਡੀਗੜ੍ਹ ਨਗਰ ਨਿਗਮ ਨੇ ਆਮਦਨੀ ਦੇ ਸਰੋਤ ਵਧਾਉਣ ਲਈ ਸ਼ਹਿਰ ਦੇ ਕੂੜੇ ਤੋਂ ਬਣਨ ਵਾਲੀ ਖਾਦ ਵੇਚਣ ਦਾ ਫੈਸਲਾ ਲਿਆ ਹੈ। ਨਿਗਮ ਨੇ ਇਸ ਬਾਰੇ ਇੱਕ ਖਰੜਾ ਤਿਆਰ ਕੀਤਾ ਹੈ ਅਤੇ ਇਸ ਖਰੜੇ ਨੂੰ ਚਰਚਾ ਲਈ ਅੱਜ ਹੋਣ ਵਾਲੀ ਨਿਗਮ ਹਾਊਸ ਦੀ ਮਹੀਨਾਵਾਰ ਮੀਟਿੰਗ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਇਸ ਖਰੜੇ ਅਨੁਸਾਰ ਨਗਰ ਨਿਗਮ ਵੱਲੋਂ ਡੱਡੂ ਮਾਜਰਾ ਸਥਿਤ ‘ਗਾਰਬੇਜ ਪ੍ਰੋਸੈਸਿੰਗ ਪਲਾਂਟ’ ਵਿੱਚ ਕੂੜੇ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਤਿਆਰ ਹੋਣ ਵਾਲੀ ਖਾਦ ਅਤੇ ਨਿਕਲਣ ਵਾਲੀ ਆਰਡੀਐੱਫ਼ ਨੂੰ ਈ-ਨਿਲਾਮੀ ਤਹਿਤ ਨਿਲਾਮ ਕੀਤਾ ਜਾਵੇਗਾ। ਨਗਰ ਨਿਗਮ ਵੱਲੋਂ ਖਾਦ ਨੂੰ ਸ਼ਹਿਰ ਦੇ ਪਾਰਕਾਂ ਲਈ ਵੀ ਵਰਤਿਆ ਜਾਵੇਗਾ। ਗਾਰਬੇਜ ਪ੍ਰੋਸੈਸਿੰਗ ਪਲਾਂਟ ਵਿੱਚ ਤਿਆਰ ਕੀਤੀ ਜਾਣ ਵਾਲੀ ਖਾਦ ਦੀ ਪੈਕਿੰਗ ਲਈ ਵਰਤੇ ਜਾਣ ਵਾਲੇ ਬੈਗਾਂ ’ਤੇ ਚੰਡੀਗੜ੍ਹ ਨਗਰ ਨਿਗਮ ਦਾ ਲੋਗੋ ਛਾਪਿਆ ਜਾਵੇਗਾ।
ਖਾਦ ਦੀ ਵਿਕਰੀ ਲਈ ਪਲਾਂਟ ਅਤੇ ਨਗਰ ਨਿਗਮ ਭਵਨ ਵਿੱਚ ਸੇਲ ਕਾਊਂਟਰ ਖੋਲ੍ਹੇ ਜਾਣ ਦੀ ਤਜਵੀਜ਼ ਵੀ ਰੱਖੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਖਾਦ ਦੀ ਹੋਮ ਡਿਲਿਵਰੀ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ। ਨਿਗਮ ਵੱਲੋਂ ਖਾਦ ਦੇ ਰੇਟ ਵੀ ਤੈਅ ਕੀਤੇ ਗਏ ਹਨ, ਜਿਸ ਅਨੁਸਾਰ 50 ਕਿੱਲੋਗ੍ਰਾਮ ਖਾਦ ਦੇ ਬੈਗ ਦੀ ਕੀਮਤ 210 ਰੁਪਏ ਹੋਵੇਗੀ ਅਤੇ ਆਰਡੀਐੱਫ ਦੀ ਕੀਮਤ 900 ਰੁਪਏ ਪ੍ਰਤੀ ਕਿੱਲੋ ਤੈਅ ਕੀਤੀ ਗਈ ਹੈ।
ਚੰਡੀਗੜ੍ਹ ਨਗਰ ਨਿਗਮ ਵੱਲੋਂ ਸੰਚਾਲਿਤ ਗਾਰਬੇਜ ਪ੍ਰੋਸੇਸਿੰਗ ਪਲਾਂਟ ਦੇ ਅੰਦਰ ਲਗਭਗ 25 ਹਜ਼ਾਰ ਟਨ ਕੂੜਾ ਪਿਆ ਹੋਇਆ ਹੈ, ਜੋ ਨਗਰ ਨਿਗਮ ਲਈ ਇੱਕ ਵੱਡੀ ਚੁਣੌਤੀ ਹੈ। ਚੰਡੀਗੜ੍ਹ ਸ਼ਹਿਰ ਵਿੱਚ ਨਿੱਤ 450 ਟਨ ਕੂੜਾ ਨਿਕਲਦਾ ਹੈ ਪਰ ਸੂਤਰਾਂ ਅਨੁਸਾਰ ਪਲਾਂਟ ਵਿੱਚ ਕੇਵਲ 100 ਟਨ ਕੂੜਾ ਹੀ ਪ੍ਰੋਸੈਸ ਕੀਤਾ ਜਾ ਰਿਹਾ ਹੈ। ਨਗਰ ਨਿਗਮ ਨੇ ਪਿਛਲੇ ਮਹੀਨੇ ਇਸ ਪਲਾਂਟ ਦਾ ਸੰਚਾਲਨ ਕਰਨ ਵਾਲੀ ਜੇਪੀ ਗਰੁੱਪ ਵੱਲੋਂ ਪਲਾਂਟ ਦਾ ਕਬਜ਼ਾ ਆਪਣੇ ਹੱਥਾਂ ਵਿੱਚ ਲਿਆ ਸੀ ਅਤੇ ਇਸ ਪਲਾਂਟ ਦਾ ਸੰਚਾਲਨ ਨਗਰ ਨਿਗਮ ਵੱਲੋਂ ਕੀਤਾ ਜਾ ਰਿਹਾ ਹੈ।