ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਅਤੇ ਚੰਡੀਗੜ੍ਹ ਸਿਟੀ ਬੱਸ ਸਰਵਿਸ ਸੋਸਾਇਟੀ (ਸੀਸੀਬੀਐਸਐਸ) ਨੇ ਇੰਡਸਟਰੀਅਲ ਏਰੀਆ ਡਿਪੂ ਨੰ. 2 ਦੇ ਬਾਹਰ ਹੜਤਾਲ ਕਰ ਰਹੇ ਕਰਮਚਾਰੀਆਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ।
ਸਵੇਰ ਦੀ ਹੜਤਾਲ ਅਤੇ ਪ੍ਰਦਰਸ਼ਨ ਕਾਰਨ ਸਥਾਨਕ ਤੇ ਟ੍ਰਾਈ-ਸਿਟੀ ਰੂਟਾਂ ਦੀਆਂ ਬੱਸਾਂ ਪ੍ਰਭਾਵਿਤ ਹੋਈਆਂ, ਜਿਸ ਨਾਲ ਸੈਂਕੜੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਬੰਧਨ ਨੇ ਐਸਐਸਪੀ ਚੰਡੀਗੜ੍ਹ ਨੂੰ ਲਿਖੇ ਪੱਤਰ ਵਿੱਚ ਦੋਸ਼ ਲਗਾਇਆ ਕਿ ਕਰਮਚਾਰੀਆਂ ਨੇ 14 ਨਵੰਬਰ 2025 ਨੂੰ ਜਾਰੀ ਮਨਾਹੀ ਹੁਕਮ ਦੀ ਉਲੰਘਣਾ ਕੀਤੀ।
‘ਉਸ ਦਿਨ ਯੂਟੀ ਪ੍ਰਸ਼ਾਸਨ ਨੇ ਹਰਿਆਣਾ ਜ਼ਰੂਰੀ ਸੇਵਾਵਾਂ ਰੱਖ-ਰਖਾਅ ਐਕਟ (ਈਐਸਐਮਏ) 1974 ਤਹਿਤ ਸੀਟੀਯੂ ਤੇ ਸੀਸੀਬੀਐਸਐਸ ਨੂੰ ਜ਼ਰੂਰੀ ਸੇਵਾ ਘੋਸ਼ਿਤ ਕਰਕੇ ਅਗਲੇ ਛੇ ਮਹੀਨਿਆਂ ਲਈ ਕਿਸੇ ਵੀ ਹੜਤਾਲ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਸੀ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਨਤਕ ਆਵਾਜਾਈ ਜ਼ਰੂਰੀ ਸੇਵਾ ਹੈ ਅਤੇ ਇਸ ਵਿੱਚ ਵਿਘਨ ਪਾਉਣ ਨਾਲ ਹਸਪਤਾਲ, ਸਕੂਲ-ਕਾਲਜ ਤੇ ਆਮ ਜਨਜੀਵਨ ਪ੍ਰਭਾਵਿਤ ਹੁੰਦਾ ਹੈ। ਇਸ ਲਈ ਹੁਣ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

