‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬਾਲ ਲੀਲਾ ਗੁਰਦੁਆਰਾ ਸਾਹਿਬ ਨੂੰ ਇੱਕ ਰਜਿਸਟਰਡ ਡਾਕ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਕਿਹਾ ਕਿ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਜੋ ਵੀ ਤਖਤ ਸ਼੍ਪਰੀ ਟਨਾ ਸਾਹਿਬ ਉੱਤੇ ਮਾੜੀ ਅੱਖ ਰੱਖਦਾ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਕਿਹਾ ਕਿ ਭਾਵੇਂ ਸਾਡਾ ਸੁਭਾਅ ਹਲੀਮੀ ਵਾਲਾ ਹੈ ਪਰ ਜੇਕਰ ਲੋੜ ਪਈ ਤਾਂ ਆਪਣੀ ਸੁਰੱਖਿਆ ਲਈ ਸਿੰਘ ਸ੍ਰੀ ਸਾਹਿਬ ਦੀ ਵਰਤੋਂ ਕਰਨ ਤੋਂ ਪਿਛੇ ਨਹੀਂ ਹਟਣਗੇ।
ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਤਖਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਰ ਸਰਕਾਰ ਨੇ ਹਾਲੇ ਤੱਕ ਕੋਈ ਵੀ ਸੁਰੱਖਿਆ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਨੂੰ ਧਮਕੀ ਭਰਿਆ ਇੱਕ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਉਸ ਵਿਅਕਤੀ ਨੇ 50 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਕਰਨ ‘ਤੇ ਉਸਨੇ ਧਮਕੀ ਦਿੱਤੀ ਹੈ ਕਿ ਉਹ ਪਟਨਾ ਸਾਹਿਬ ਦੇ ਪ੍ਰਬੰਧਕਾਂ ਦਾ ਕਤਲ ਕਰ ਦੇਵੇਗਾ। ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਅਜਿਹੀ ਘਟਨਾ ਅੱਜ ਤੱਕ ਕਦੇ ਨਹੀਂ ਵਾਪਰੀ, ਇਸ ਲਈ ਇਸ ਦੀਆਂ ਜੜ੍ਹਾਂ ਕਿਥੋਂ ਤੱਕ ਹਨ, ਇਸ ਦੀ ਜਾਂਚ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸਰਕਾਰਾਂ ਦੇ ਧਿਆਨ ਵਿੱਚ ਹੈ ਅਤੇ ਇਹ ਬੇਹੱਦ ਮੰਦਭਾਗੀ ਘਟਨਾ ਹੈ ਕਿ ਕਿਸੇ ਵੱਲੋਂ ਸਿੱਧੇ ਤੌਰ ‘ਤੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਭਰੋਸਾ ਦੇ ਕੇ ਚਲੀ ਗਈ ਹੈ ਪਰ ਹਾਲੇ ਤੱਕ ਉਸ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਦਕਿ ਉਸ ਨੇ ਪੱਤਰ ਵਿੱਚ ਆਪਣਾ ਮੋਬਾਈਲ ਨੰਬਰ, ਨਾਮ ਅਤੇ ਪਤਾ ਵੀ ਲਿਖਿਆ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਹਾਲੇ ਤੱਕ ਕੋਈ ਸੁਰੱਖਿਆ ਨਹੀਂ ਦਿੱਤੀ ਗਈ। ਰੱਬ ਦੀ ਸੁਰੱਖਿਆ ਹੀ ਉਹਨਾਂ ਕੋਲ ਹੈ ਅਤੇ ਜਦੋਂ ਤੱਕ ਕੋਈ ਭਾਣਾ ਨਹੀਂ ਵਰਤਿਆ, ਉਦੋਂ ਤੱਕ ਸਰਕਾਰ ਜਾਂ ਪੁਲਿਸ ਕੋਈ ਕਦਮ ਨਹੀਂ ਚੁੱਕੇਗੀ।