‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਚੱਲ ਲਾਕਡਾਊਨ 4 ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਕਰਫਿਊ ’ਚ ਢਿੱਲ ਦੇਣ ਵਾਲੇ ਸਮੇਂ ਨੂੰ ਪੰਜਾਬ ਦੀ ਅਸਲ ਪ੍ਰੀਖਿਆ ਦੀ ਘੜੀ ਦੱਸਿਆ ਹੈ। ਮੁੱਖ ਮੰਤਰੀ ਨੇ ਸਿਵਲ ਪ੍ਰਸ਼ਾਸਨ ਅਤੇ ਪੰਜਾਬ ਪੁਲੀਸ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੁਲੀਸ ਸਮਾਜਿਕ ਦੂਰੀ ਤੇ ਕੋਵਿਡ ਰੋਕਥਾਮ ਲਈ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਵਾਏ ਅਤੇ ਬਿਨਾਂ ਮਾਸਕ ਤੋਂ ਘਰਾਂ ’ਚੋਂ ਨਿਕਲਣ ਵਾਲਿਆਂ ਦੇ ਚਲਾਨ ਕੱਟੇ ਜਾਣ।

ਮੁੱਖ ਮੰਤਰੀ ਨੇ ਕੱਲ੍ਹ ਕੋਵਿਡ-19 ਦੀ ਸਮੀਖਿਆ ਦੌਰਾਨ ਨਵੇਂ ਖ਼ਦਸ਼ੇ ਜ਼ਾਹਰ ਕੀਤੇ ਹਨ ਤੇ ਪੁਲੀਸ ਨੂੰ ਮੁਸਤੈਦ ਰਹਿਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਢਿੱਲ ਦੌਰਾਨ ਲੋਕਾਂ ਵਿੱਚ ਆਪਸੀ ਰਲੇਵਾਂ ਵਧੇਗਾ, ਜਿਸ ਤੋਂ ਲਾਗ ਫੈਲਣ ਦੇ ਖ਼ਤਰੇ ਵੀ ਵਧਣਗੇ। ਮੁੱਖ ਮੰਤਰੀ ਨੇ ਵੀਡੀਓ-ਕਾਨਫਰੰਸ ਜ਼ਰੀਏ ਕੱਲ੍ਹ ਉੱਚ ਪੱਧਰੀ ਮੀਟਿੰਗ ਕੀਤੀ, ਜਿਸ ’ਚ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ, ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਤੇ ਮੈਡੀਕਲ ਸਿੱਖਿਆ ਬਾਰੇ ਮੰਤਰੀ ਓ.ਪੀ. ਸੋਨੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਧੀਕ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਰੰਗਾਂ ਦੇ ਆਧਾਰ ’ਤੇ ਜ਼ੋਨਾਂ ਦੀ ਥਾਂ ਸਿਰਫ਼ ਸੀਮਤ ਅਤੇ ਗੈਰ-ਸੀਮਤ ਜ਼ੋਨ ਹੀ ਹੋਣਗੇ, ਜਿਸ ਬਾਰੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਅੰਤਰਰਾਜੀ ਬੱਸ ਸੇਵਾ 31 ਮਈ ਤੱਕ ਰੱਦ ਰਹੇਗੀ ਤੇ ਅੰਤਰ-ਰਾਜੀ ਆਵਾਜਾਈ ਲਈ ਵੀ 31 ਮਈ ਤੱਕ ਵਿਸ਼ੇਸ਼ ਤੇ ਸ਼੍ਰਮਿਕ ਰੇਲਗੱਡੀਆਂ ਹੀ ਚੱਲ ਸਕਣਗੀਆਂ। ਉਨ੍ਹਾਂ ਟਰਾਂਸਪੋਰਟ ਵਿਭਾਗ ਨੂੰ ਸੀਮਤ ਜ਼ੋਨਾਂ ਵਿੱਚ ਸਥਾਨਕ ਬੱਸ ਆਵਾਜਾਈ ਬਹਾਲ ਕਰਨ ਲਈ ਨਿਰਧਾਰਿਤ ਸੰਚਾਲਨ ਵਿਧੀ (ਐੱਸ.ਓ.ਪੀਜ਼) ਦੀ ਰੂਪ-ਰੇਖਾ ਤਿਆਰ ਕਰਨ ਦੀ ਹਦਾਇਤ ਵੀ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਨਵੀਂ ਰੂਪ ਰੇਖਾ ਅਨੁਸਾਰ ਇੱਕ ਪਿੰਡ/ਵਾਰਡ ਵਿੱਚ 15 ਜਾਂ ਵੱਧ ਕੇਸਾਂ ਦੇ ਧੁਰੇ ਦੇ ਆਲੇ-ਦੁਆਲੇ ਦਾ ਇੱਕ ਖੇਤਰ ਜਾਂ ਨਾਲ ਲੱਗਦੇ ਪਿੰਡਾਂ/ਵਾਰਡਾਂ ਦੇ ਛੋਟੇ ਸਮੂਹ ਨੂੰ ਸੀਮਤ ਜ਼ੋਨ ਮੰਨਿਆ ਜਾਵੇਗਾ ਅਤੇ ਪਹੁੰਚ ਤੇ ਆਕਾਰ ਦੇ ਰੂਪ ਵਿੱਚ ਭੌਤਿਕ ਮਾਪਦੰਡਾਂ ਨਾਲ ਇਸ ਨੂੰ ਪ੍ਰਭਾਸ਼ਿਤ ਕੀਤਾ ਜਾਵੇਗਾ। ਸੀਮਤ ਜ਼ੋਨ (ਇਕ ਕਿਲੋਮੀਟਰ ਦੇ ਘੇਰੇ) ਦੇ ਆਲੇ-ਦੁਆਲੇ ਦੇ ਸਮਕੇਂਦਰੀ ਖੇਤਰ ਨੂੰ ਬਫਰ ਜ਼ੋਨ ਮੰਨਿਆ ਜਾਵੇਗਾ। ਮੁੱਖ ਮੰਤਰੀ ਨੇ ਦੇਸ਼-ਵਿਦੇਸ਼ ’ਚੋਂ ਆ ਰਹੇ ਕਰੀਬ 80 ਹਜ਼ਾਰ ਪੰਜਾਬੀਆਂ ਨੂੰ ਏਕਾਂਤਵਾਸ ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ।

ਉਨ੍ਹਾਂ ਦੱਸਿਆ ਕਿ ਪੰਜਾਬ ’ਚੋਂ ਹੁਣ ਤੱਕ 2 ਲੱਖ ਪਰਵਾਸੀ ਕਾਮੇ ਆਪਣੇ ਪਿੱਤਰੀ ਸੂਬਿਆਂ ਵਿੱਚ ਵਾਪਸ ਜਾ ਚੁੱਕੇ ਹਨ ਪ੍ਰੰਤੂ ਦੂਸਰੇ ਸੂਬਿਆਂ ਵੱਲੋਂ ਬਹੁਤਾ ਹੁੰਗਾਰਾ ਨਹੀਂ ਭਰਿਆ ਜਾ ਰਿਹਾ ਹੈ ਹਾਲਾਂਕਿ ਸਾਰਾ ਖਰਚਾ ਪੰਜਾਬ ਸਰਕਾਰ ਚੁੱਕ ਰਹੀ ਹੈ। ਖੁਰਾਕ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੇਂਦਰ ਤੇ ਰਾਜ ਸਰਕਾਰ ਦੀਆਂ ਗਰੀਬ ਲੋਕਾਂ ਬਾਰੇ ਰਾਸ਼ਨ ਸਕੀਮਾਂ ਦੀ ਪ੍ਰਗਤੀ ਤੋਂ ਜਾਣੂ ਕਰਾਇਆ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਬਾਹਰੋਂ ਆਉਣ ਵਾਲਿਆਂ ਦੀ ਸਰਹੱਦ ’ਤੇ ਚੈਕਿੰਗ ਕਰਨਾ ਤੇ ਕੋਵਾ ਐਪ ਉੱਪਰ ਚੰਗੀ ਸਿਹਤ ਦੀ ਚਿੱਟ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਡਾ. ਕੇ.ਕੇ. ਤਲਵਾੜ ਨੇ ਦੱਸਿਆ ਕਿ ਪੰਜਾਬ ’ਚੋਂ ਗਏ ਕਾਮਿਆਂ ਵਿਚੋਂ ਕੇਵਲ ਇੱਕ ਫੀਸਦ ਹੀ ਪਾਜ਼ੇਟਿਵ ਹਨ। ਉਨ੍ਹਾਂ ਕਿਹਾ ਕਿ ਕੌਮੀ ਔਸਤ ਦੇ ਮੁਕਾਬਲੇ ਪੰਜਾਬ ਵਿੱਚ ਕੇਸਾਂ ਵਿੱਚ ਵਾਧਾ ਤੇ ਦੁੱਗਣੇ ਹੋਣ ਦੀ ਦਰ ਇਕ ਫ਼ੀਸਦੀ ਅਤੇ 70 ਦਿਨ ਬਣਦੀ ਹੈ। ਪੰਜਾਬ ਵਿੱਚ ਟੈਸਟਿੰਗ ਦੀ ਮੌਜੂਦਾ 1,400 ਦੀ ਦਰ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਲੈਬਾਰਟਰੀਆਂ ਵਿੱਚ ਹੀ ਇੱਕ ਹਫ਼ਤੇ ਵਿੱਚ ਵਧ ਕੇ 4,650 ਪ੍ਰਤੀ ਦਿਨ ਹੋ ਜਾਵੇਗੀ। ਅਗਲੇ 25 ਦਿਨਾਂ ਵਿੱਚ ਪ੍ਰਤੀ ਦਿਨ 1000 ਟੈਸਟ ਦੀ ਸਮਰੱਥਾ ਦਾ ਹੋਰ ਵਾਧਾ ਹੋ ਜਾਵੇਗਾ।

ਪਰਵਾਸੀ ਕਾਮੇ ਪੰਜਾਬ ਆਉਣ ਲਈ ਕਾਹਲੇ:
ਮੁੱਖ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਇਲਾਵਾ ਹੋਰਨਾਂ ਸੂਬਿਆਂ ’ਚੋਂ ਬਹੁਤੇ ਕਿਰਤੀ ਝੋਨੇ ਦੇ ਸੀਜ਼ਨ ਦੌਰਾਨ ਕੰਮ ਕਰਨ ਲਈ ਪੰਜਾਬ ਆਉਣ ਵਾਸਤੇ ਬੇਨਤੀਆਂ ਕਰ ਰਹੇ ਹਨ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਇਸ ਬਾਬਤ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਨ ਵਾਸਤੇ ਆਖਿਆ ਹੈ ਤਾਂ ਜੋ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਜਿਹੇ ਸਾਰੇ ਕਿਰਤੀਆਂ ਨੂੰ ਉਨ੍ਹਾਂ ਪਿੰਡਾਂ ਵਿਚ ਹੀ ਏਕਾਂਤਵਾਸ ਕੀਤਾ ਜਾਵੇਗਾ ਜਿਥੇ ਉਹ ਕੰਮ ਕਰਨ ਲਈ ਆਉਣਗੇ।