ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਈ-ਚਲਾਨ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤੀ ਵਧੀ ਹੈ। ਇਸ ਪ੍ਰਣਾਲੀ ਨੂੰ ਪੜਾਅਵਾਰ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਚਲਾਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਇੱਕ ਸਾਲ ਵਿੱਚ ਚਲਾਨਾਂ ਚਾਰ ਗੁਣਾ ਤੋਂ ਵੱਧ ਵਧੇ ਹਨ, ਜਦਕਿ ਜੁਰਮਾਨੇ ਦੀ ਰਕਮ ਸੱਤ ਗੁਣਾ ਵੱਧ ਗਈ ਹੈ। ਕੈਮਰੇ ਹਰ ਦੋ ਮਿੰਟਾਂ ਵਿੱਚ ਚਲਾਨ ਕੱਟ ਰਹੇ ਹਨ।
ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਪੇਸ਼ ਕੀਤੀ ਰਿਪੋਰਟ ਅਨੁਸਾਰ, 2024 ਵਿੱਚ ਪੰਜਾਬ ਵਿੱਚ 3.98 ਲੱਖ (397,839) ਈ-ਚਲਾਨ ਜਾਰੀ ਕੀਤੇ ਗਏ, ਜਿਨ੍ਹਾਂ ਤੋਂ 83 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਹ ਗਿਣਤੀ 2023 ਦੇ 72,191 ਚਲਾਨਾਂ ਨਾਲੋਂ ਕਈ ਗੁਣਾ ਵੱਧ ਹੈ। 2022 ਵਿੱਚ 53,106 ਚਲਾਨ ਜਾਰੀ ਹੋਏ ਸਨ, ਜਦਕਿ ਉਸ ਸਾਲ ਜੁਰਮਾਨਾ ਸਿਰਫ਼ 4.66 ਕਰੋੜ ਰੁਪਏ ਸੀ।2023 ਵਿੱਚ 12 ਕਰੋੜ ਰੁਪਏ ਦੇ ਚਲਾਨ ਜਾਰੀ ਹੋਏ, ਜਿਨ੍ਹਾਂ ਵਿੱਚੋਂ ਡਰਾਈਵਰਾਂ ਨੇ 6.76 ਕਰੋੜ ਜਮ੍ਹਾਂ ਕਰਵਾਏ ਅਤੇ 5.30 ਕਰੋੜ ਬਕਾਇਆ ਰਿਹਾ। 2024 ਵਿੱਚ 83 ਕਰੋੜ ਦੇ ਚਲਾਨਾਂ ਵਿੱਚੋਂ 52.26 ਕਰੋੜ ਜਮ੍ਹਾਂ ਹੋਏ, ਪਰ 30.94 ਕਰੋੜ ਬਕਾਇਆ ਰਹਿ ਗਿਆ।
ਈ-ਚਲਾਨ ਸਿਸਟਮ ਚੰਡੀਗੜ੍ਹ ਦੀ ਤਰ੍ਹਾਂ ਪੰਜਾਬ ਦੇ ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਮੋਹਾਲੀ ਵਿੱਚ ਲਾਗੂ ਕੀਤਾ ਗਿਆ ਹੈ। ਮੋਹਾਲੀ ਵਿੱਚ 400 ਕੈਮਰੇ ਲਗਾਏ ਗਏ ਹਨ। ਡਰਾਈਵਰ ਅਜੇ ਵੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ, ਜਿਸ ਕਾਰਨ ਚਲਾਨ ਵਧੇ ਹਨ।
ਚਲਾਨ ਨਾ ਭਰਨ ਵਾਲੇ ਵਾਹਨਾਂ ਨੂੰ ਬਲੈਕਲਿਸਟ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ 6,800 ਵਾਹਨ ਬਲੈਕਲਿਸਟ ਹੋਏ, ਜਿਨ੍ਹਾਂ ਦੀ ਆਰਸੀ ਨਵੀਨੀਕਰਨ ਨਹੀਂ ਹੋ ਸਕਦੀ। 1 ਲੱਖ ਤੋਂ ਵੱਧ ਜੁਰਮਾਨੇ ਵਾਲੇ ਵਾਹਨਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਹੋਵੇਗੀ। ਇਹ ਪ੍ਰਣਾਲੀ ਸੜਕ ਸੁਰੱਖਿਆ ਵਧਾਉਣ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲਾਗੂ ਕੀਤੀ ਗਈ ਹੈ।

