‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੋਚੋ ਤੁਸੀਂ ਸੜਕ ‘ਤੇ ਸਾਇਕਲ ਚਲਾ ਰਹੇ ਹੋ ਤੇ ਪੁਲਿਸ ਤੁਹਾਡਾ ਚਲਾਨ ਕਰ ਦੇਵੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਗੁਜਰਾਤ ਦੇ ਸੂਰਤ ਵਿੱਚ, ਜਿੱਥੇ ਪੁਲਿਸ ਨੇ ਗਲਤ ਦਿਸ਼ਾ ਵਿੱਚ ਸਾਇਕਲ ਚਲਾਉਣ ਵਾਲੇ 47 ਸਾਲ ਦੇ ਵਿਅਕਤੀ ਦਾ ਚਲਾਨ ਕੱਟ ਦਿੱਤਾ। ਜਦੋਂ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਲੋਕਾਂ ਨੇ ਇਤਰਾਜ਼ ਜਤਾਇਆ ਕਿ ਪੁਲਿਸ ਸਾਇਕਲ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਕਿਵੇਂ ਕਾਰਵਾਈ ਕਰ ਸਕਦੀ ਹੈ।
ਪੁਲਿਸ ਦੇ ਮੁਤਾਬਿਕ ਰਾਜਬਹਾਦੁਰ ਨਾਂ ਦਾ ਵਿਅਕਤੀ ਸਕੱਤਰ ਜੀਆਈਡੀਸੀ ਇਲਾਕੇ ਵਿਤ ਸੜਕ ‘ਤੇ ਜਾ ਰਿਹਾ ਸੀ ਤਾਂ ਇਕ ਮਹਿਲਾ ਕਾਂਸਟੇਬਲ ਨੇ ਮੋਟਰ ਵਾਹਨ ਐਕਟ ਤਹਿਤ ਚਲਾਨ ਜਾਰੀ ਕਰ ਦਿੱਤਾ। ਇਸ ਮਾਮਲੇ ਵਿਚ ਰਾਜਬਹਾਦੁਰ ਨੂੰ ਵੀ ਕੋਰਟ ਵਿਚ ਪੇਸ਼ ਹੋਣਾ ਪਵੇਗਾ।
ਹਾਲਾਂਕਿ ਟ੍ਰੈਫਿਕ ਪੁਲਿਸ ਦੇ ਉੱਪ ਕਮਿਸ਼ਨਰ ਪ੍ਰਸ਼ਾਂਤ ਸੂਬੇ ਨੇ ਮੰਨਿਆਂ ਕਿ ਮਹਿਲਾ ਕਾਂਸਟੇਬਲ ਨੂੰ ਸਾਇਕਲ ਚਾਲਕ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਚਾਲਕ ਦੇ ਖਿਲਾਫ ਮੋਟਰ ਵਾਹਨ ਐਕਟ ਨਹੀਂ ਸਗੋਂ ਗੁਜਰਾਤ ਪੁਲਿਸ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।