‘ਦ ਖ਼ਾਲਸ ਬਿਊਰੋ ( ਫਿਰੋਜ਼ਪੁਰ ) :- ਖੇਤੀ ਬਿੱਲਾਂ ਖ਼ਿਲਾਫ਼ ਪਿਛਲੇਂ ਕਈ ਦਿਨਾਂ ਤੋਂ ਪੂਰੇ ਪੰਜਾਬ ‘ਚ ਚੱਲ ਰਹੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਬਿਲ ਪਾਸ ਕਰਨ ਦੇ ਮਾਮਲੇ ‘ਚ ਵਿੱਢਿਆ ਸੰਘਰਸ਼ ਜਾਰੀ ਹੈ। ਜਿਸ ਦਾ ਅਸਲ ਰੂਪ ਅੱਜ 25 ਸਤੰਬਰ ਨੂੰ ‘ਪੰਜਾਬ ਬੰਦ ਵਜੋ ਸਾਰੇ ਸੂਬੇ ‘ਚ ਵਿਖਾਈ ਦੇ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਆਗੂ ਤੇ ਹਲਕਾ ਇੰਚਾਰਜ ਗੁਰੂਹਰਸਹਾਏ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ‘ਚ ਫਿਰੋਜ਼ਪੁਰ – ਫਾਜ਼ਿਲਕਾ ਸੜਕ ‘ਤੇ ਸਥਿਤ ਗੋਲੂ ਕਾ ਮੋੜ ਉੱਪਰ ਧਰਨਾ ਸ਼ੁਰੂ ਕੀਤਾ ਗਿਆ ਹੈ।
ਪ੍ਰਦਾਰਸ਼ਨਕਾਰੀਆਂ ਨੇ ਹੱਥਾਂ ਵਿੱਚ ਝੰਡੇ ਲੈ ਕੇ ਤੇ ਤਖ਼ਤੀਆਂ ਫੜ੍ਹ ਕੇ ‘ਕੇਂਦਰ ਸਰਕਾਰ ਮੁਰਦਾਬਾਦ, ਸੋਧੇ ਖੇਤੀ ਬਿੱਲ ਵਾਪਸ ਜਾਓ ਦੇ ਨਾਅਰੇ ਲਗਾਏ, ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਪੂੰਜੀਪਤੀਆਂ ਨੂੰ ਲਾਭ ਦੇਣ ਤੇ ਖੇਤੀ ਸੈਕਟਰ ਵਿੱਚੋਂ ਕਿਸਾਨਾਂ ਨੂੰ ਬਾਹਰ ਕਰਨ ਦੇ ਮਨਸੂਬੇ ਤਹਿਤ ਇਹ ਮਾਰੂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਸ਼ੁਰੂ ਤੋਂ ਸੰਘਰਸ਼ਸ਼ੀਲ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਤੁਰੰਤ ਇਸ ਸਬੰਧੀ ਫੈਸਲਾ ਲੈ ਕੇ ਕੇਂਦਰ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਲਈ ਸਪੱਸ਼ਟ ਤੌਰ ਤੇ ਕਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀ ਦਾ ਅਹੁਦਾ ਛੱਡਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਉਹ ਪੰਜਾਬ ਦੇ ਹੱਕਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ।
ਇਸ ਮੌਕੇ ਸੀਨੀਅਰ ਆਗੂਆਂ ‘ਚ ਰੋਹਿਤ ਕੁਮਾਰ ਮਾਂਟੂ ਵੋਹਰਾ , ਦਰਸ਼ਨ ਸਿੰਘ ਬਰਾੜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ਼ਿਵ ਤ੍ਰਿਪਾਲ ਕੇ, ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਕਮੇਟੀ , ਲਖਵਿੰਦਰ ਸਿੰਘ ਮਹਿਮਾ , ਸੁਖਚੈਨ ਸਿੰਘ ਸੇਖੋਂ , ਗੁਰਭੇਜ ਸਿੰਘ ਦੋਸਾਂਝ , ਜਸਪ੍ਰੀਤ ਸਿੰਘ ਮਾਨ , ਸ਼ੇਰ ਚੰਦ ਬੂੰਗੀ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਆਗੂ ਅਤੇ ਪੰਚ ਸਰਪੰਚ ਮੌਜੂਦ ਹਨ ।