India

ਤੁੰਗਭਦਰਾ ਡੈਮ ਦੇ ਗੇਟ ਦੀ ਚੇਨ ਟੁੱਟੀ, ਤਿੰਨ ਰਾਜਾਂ ਦੇ ਕਿਸਾਨਾਂ ਨੂੰ ਅਲਰਟ ਜਾਰੀ

ਤੁੰਗਭਦਰਾ ਡੈਮ ਦੇ ਗੇਟ ਨੰਬਰ 19 ਦੀ ਚੇਨ ਟੁੱਟਣ ਕਾਰਨ ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ। ਸ਼ਨੀਵਾਰ ਰਾਤ ਤੁੰਗਭਦਰਾ ਡੈਮ ਦੇ ਗੇਟ ਚੇਨ ਟੁੱਟਣ ਕਾਰਨ ਡੈਮ ਤੋਂ 1 ਲੱਖ ਕਿਊਸਿਕ ਪਾਣੀ ਬਾਹਰ ਨਿਕਲਿਆ ਹੈ।

ਗੇਟ ਦੀ ਚੇਨ ਟੁੱਟਣ ਤੋਂ ਬਾਅਦ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਤਿੰਨ ਗੁਣਾ ਹੋ ਗਈ ਹੈ। ਦੱਖਣ-ਪੱਛਮੀ ਮਾਨਸੂਨ ਦੇ ਥੋੜ੍ਹਾ ਪਿੱਛੇ ਹਟਣ ਤੋਂ ਬਾਅਦ, ਅਧਿਕਾਰੀ ਪ੍ਰਤੀ ਦਿਨ ਲਗਭਗ 28,000 ਕਿਊਸਿਕ ਪਾਣੀ ਛੱਡ ਰਹੇ ਹਨ। ਤੁੰਗਭਦਰਾ ਡੈਮ 1953 ਵਿੱਚ ਬਣਾਇਆ ਗਿਆ ਸੀ। ਗੇਟ ਨੰਬਰ 1 ਤੋਂ 15 ਦੀ ਦੇਖਭਾਲ ਕੇਂਦਰੀ ਜਲ ਕਮਿਸ਼ਨ ਦੁਆਰਾ ਕੀਤੀ ਜਾਂਦੀ ਹੈ, ਜਦੋਂ ਕਿ ਗੇਟ ਨੰਬਰ 16 ਤੋਂ 32 ਦੀ ਦੇਖਭਾਲ ਕਰਨਾਟਕ ਸਰਕਾਰ ਦੁਆਰਾ ਕੀਤੀ ਜਾਂਦੀ ਹੈ।

ਖਾਸ ਕਰਕੇ ਇਹ ਪੁੱਛੇ ਜਾਣ ‘ਤੇ ਕਿ ਕੀ ਚੇਨ ਟੁੱਟਣ ‘ਤੇ ਕੋਈ ਖਤਰਾ ਹੈ। ਇਸ ‘ਤੇ ਕਰਨਾਟਕ ਦੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਹੈ ਅਤੇ ਅਸੀਂ ਇਸ ‘ਤੇ ਮਾਹਿਰਾਂ ਦੀ ਰਾਏ ‘ਤੇ ਚੱਲਾਂਗੇ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਕੱਢਣ ਲਈ ਸਾਰੇ ਰਾਜਾਂ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਡੀਕੇ ਸ਼ਿਵਕੁਮਾਰ ਬੇਲਾਰੀ ਲਈ ਰਵਾਨਾ ਹੋਏ ਜਿੱਥੇ ਉਹ ਤੁੰਗਭਦਰਾ ਡੈਮ ਬੋਰਡ ਦੇ ਅਧਿਕਾਰੀਆਂ ਅਤੇ ਮੈਂਬਰਾਂ ਨਾਲ ਗੱਲਬਾਤ ਕਰਨਗੇ।

ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਥਾਨਕ ਵਿਧਾਇਕ ਅਤੇ ਸਿਆਸਤਦਾਨ ਦੀ ਰਾਇ ਨਹੀਂ ਮੰਨਣਗੇ। ਉਨ੍ਹਾਂ ਕਿਹਾ ਕਿ ਪ੍ਰੈਸ਼ਰ ਘੱਟ ਕਰਨ ਲਈ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ। ਤੇਲੰਗਾਨਾ ਵਿੱਚ ਦਾਖਲ ਹੋਣ ਤੋਂ ਪਹਿਲਾਂ, ਤੁੰਗਭਦਰਾ ਡੈਮ ਦਾ ਪਾਣੀ ਕਰਨਾਟਕ ਦੇ ਦਾਵਾਂਗੇਰੇ, ਬੇਲਾਰੀ, ਕੋਪਲ ਅਤੇ ਰਾਏਚੁਰ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ ਅਤੇ ਬੰਗਾਲ ਦੀ ਖਾੜੀ ਵਿੱਚ ਡਿੱਗਣ ਤੋਂ ਪਹਿਲਾਂ ਕ੍ਰਿਸ਼ਨਾ ਨਦੀ ਵਿੱਚ ਜਾ ਜੁੜਦਾ ਹੈ।

ਡਿਪਟੀ ਸੀਐਮ ਨੇ ਕਿਹਾ ਹੈ ਕਿ ਇੱਕ ਰਾਏ ਹੈ ਕਿ ਇਸ ਦੀ ਮੁਰੰਮਤ ਲਈ ਡੈਮ ਨੂੰ ਖਾਲੀ ਕਰਨ ਦੀ ਲੋੜ ਹੈ। ਮਾਹਿਰ ਇਸ ਪ੍ਰਸਤਾਵ ਦੀ ਜਾਂਚ ਕਰ ਰਹੇ ਹਨ ਪਰ ਅਸੀਂ ਇਸ ਵਿਸ਼ੇ ‘ਤੇ ਮਾਹਿਰਾਂ ਦੀ ਰਾਏ ‘ਤੇ ਅਮਲ ਕਰਾਂਗੇ।