India Punjab

ਹਰਿਆਣਾ ਪੁਲਿਸ ਦੀ ਨਵੀਂ ਚਾਲ ਤੋਂ ਚੜੂਨੀ ਨੇ ਕੀਤਾ ਸਾਵਧਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਹਰਿਆਣਾ ਦੇ ਅੰਦਰ ਹਾਲੇ ਤੱਕ 136 ਮੁਕੱਦਮੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 37 ਹਜ਼ਾਰ 650 ਲੋਕ ਸ਼ਾਮਿਲ ਹਨ, ਜਿਨ੍ਹਾਂ ‘ਤੇ ਮੁਕੱਦਮੇ ਦਰਜ ਹੋ ਚੁੱਕੇ ਹਨ। ਹੁਣ ਹਰਿਆਣਾ ਦੀ ਪੁਲਿਸ ਨੇ ਕਿਸਾਨਾਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ ਕਿ ਉਨ੍ਹਾਂ ਦੇ ਉੱਪਰ ਇਹ ਮੁਕੱਦਮਾ ਹੈ ਅਤੇ ਉਹ ਥਾਣੇ ਆ ਕੇ ਇਸਦੀ ਤਫ਼ਤੀਸ਼ ਵਿੱਚ ਸ਼ਾਮਿਲ ਹੋਣ। ਚੜੂਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸਾਨ ਪੁਲਿਸ ਦੇ ਬੁਲਾਉਣ ‘ਤੇ, ਪੁਲਿਸ ਦੇ ਨੋਟਿਸ ‘ਤੇ ਥਾਣੇ ਨਾ ਜਾਵੇ। ਅਸੀਂ ਅੰਦੋਲਨਕਾਰੀ ਹਾਂ ਅਤੇ ਪੁਲਿਸ ਸਾਡੇ ਨਾਲ ਜ਼ਿਆਦਾ ਜ਼ਿਆਦਤੀ ਕਰੇਗੀ ਤਾਂ ਅਸੀਂ ਸਾਰੇ ਕਿਸਾਨ ਜੇਲ੍ਹ ਵਿੱਚ ਜਾਣ ਲਈ ਤਿਆਰ ਹਾਂ। ਚੜੂਨੇ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਸਾਨੂੰ ਨਾਮ, ਤਰੀਕ ਅਤੇ ਕਿੰਨੇ ਕਿਸਾਨ ਜੇਲ੍ਹ ਵਿੱਚ ਲੈ ਕੇ ਜਾਣੇ ਹਨ, ਕਿੰਨਿਆਂ ‘ਤੇ ਮੁਕੱਦਮਾ ਹੈ, ਉਨ੍ਹਾਂ ਨੂੰ ਕਦੋਂ ਜੇਲ੍ਹ ਲੈ ਕੇ ਜਾਣਾ ਹੈ, ਅਸੀਂ ਖ਼ੁਦ ਆਪਣੀ ਗ੍ਰਿਫਤਾਰੀ ਦੇਣ ਲਈ ਆ ਜਾਵਾਂਗੇ। ਪਰ ਪੁਲਿਸ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣੀ ਅਪੀਲ ਦੁਹਰਾਉਂਦਿਆਂ ਕਿਹਾ ਕਿ ਕੋਈ ਵੀ ਕਿਸਾਨ ਪੁਲਿਸ ਦਾ ਨਾ ਤਂ ਨੋਟਿਸ ਫੜੇ ਅਤੇ ਨਾ ਹੀ ਉਸ ਉੱਤੇ ਦਸਤਖ਼ਤ ਕਰੇ ਅਤੇ ਨਾ ਹੀ ਉਨ੍ਹਾਂ ਦੇ ਬੁਲਾਵੇ ‘ਤੇ ਥਾਣੇ ਜਾਵੇ।