‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਅੰਦੋਲਨ ਲਈ ਅਗਲੀ ਰਣਨੀਤੀ ਘੜ੍ਹਨ ਲਈ ਲੋਕਾਂ ਤੋਂ ਸੋਸ਼ਲ ਮੀਡੀਆ ਉੱਤੇ ਰਾਇ ਮੰਗੀ ਹੈ। ਉਨ੍ਹਾਂ ਕਿਹਾ ਕਿ ਮੋਰਚੇ ਵਿੱਚ 650 ਕਿਸਾਨ ਸ਼ਹੀਦ ਹੋ ਚੁੱਕੇ ਹਨ। ਜਗ੍ਹਾ-ਜਗ੍ਹਾ ‘ਤੇ ਕਿਸਾਨਾਂ ਦੇ ਸਿਰ ਪਾੜ ਦਿੱਤੇ ਗਏ, ਸਿਰਫ਼ ਹਰਿਆਣਾ ਵਿੱਚ ਹੀ 4 ਹਜ਼ਾਰ ਕਿਸਾਨਾਂ ‘ਤੇ ਕਰੀਬ 136 ਤੋਂ ਵੱਧ ਮੁਕੱਦਮੇ ਦਰਜ ਹੋ ਚੁੱਕੇ ਹਨ। ਅਸੀਂ ਕਦੋਂ ਤੱਕ ਇਹ ਸਭ ਸਹਿਣ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਹਰਿਆਣਾ ਦੇ ਸਾਰੇ ਸੰਗਠਨ ਮੀਟਿੰਗ ਕਰ ਰਹੇ ਹਨ ਅਤੇ ਉਸ ਵਿੱਚ ਕੋਈ ਅਹਿਮ ਫੈਸਲਾ ਲੈਣ ਦੀ ਯੋਜਨਾ ਹੈ, ਜਿਸ ਲਈ ਤੁਹਾਡੀ ਸਭ ਦੀ ਰਾਇ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਾਰਿਆਂ ਨੂੰ ਠੰਢੇ ਦਿਮਾਗ ਦੇ ਨਾਲ ਰਾਏ ਦੇਣ ਦੀ ਅਪੀਲ ਕੀਤੀ, ਜੋਸ਼ ਵਿੱਚ ਆ ਕੇ ਕਿਸੇ ਨੂੰ ਵੀ ਰਾਏ ਨਾ ਦੇਣ ਲਈ ਕਿਹਾ ਹੈ। ਕੱਲ੍ਹ ਦੀ ਮੀਟਿੰਗ ਵਿੱਚ ਲੋਕਾਂ ਦੀ ਰਾਏ ਦੇ ਆਧਾਰ ‘ਤੇ ਅਸੀਂ ਆਪਣੀ ਰਾਏ ਬਣਾਵਾਂਗੇ ਅਤੇ ਫਿਰ ਉਸਨੂੰ ਸੰਯੁਕਤ ਕਿਸਾਨ ਮੋਰਚਾ ਦੇ ਅੱਗੇ ਹਰਿਆਣਾ ਵੱਲੋਂ ਉਹ ਰਾਏ ਰੱਖਾਂਗੇ।