India Punjab

ਹੁਣ ਸ਼ੰਭੂ ਬਾਰਡਰ ‘ਤੇ ਕਿਉਂ ਇਕੱਠੇ ਹੋਣ ਲੱਗੇ ਵੱਡੀ ਗਿਣਤੀ ‘ਚ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮੋਰਚੇ ਵਿੱਚ ਮੁੜ ਤੋਂ ਸਰਗਰਮ ਹੋਏ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਵੱਧ ਤੋਂ ਵੱਧ ਲੋਕਾਂ ਨੂੰ ਸ਼ੰਭੂ ਬਾਰਡਰ ਟੋਲ ਪਲਾਜ਼ਾ ‘ਤੇ ਜਲਦੀ ਤੋਂ ਜਲਦੀ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਚੜੂਨੀ ਨੇ ਇਹ ਐਮਰਜੈਂਸੀ ਕਾਲ ਇਸ ਕਰਕੇ ਦਿੱਤੀ ਹੈ ਕਿਉਂਕਿ ਹਰਿਆਣਾ ਪੁਲਿਸ ਨੇ ਅੱਜ ਰੋਡ ਜਾਮ ਕਰਨ ਵਾਲੇ ਅੰਬਾਲਾ ਦੇ ਕਰੀਬ 200 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਿਰਾਸਤ ਵਿੱਚ ਲਏ ਕਿਸਾਨਾਂ ਨੇ ਪੁਲਿਸ ਦੀ ਬੱਸ ਵਿੱਚੋਂ ਹੀ ਵੀਡੀਉ ਰਾਹੀਂ ਜਾਣਕਾਰੀ ਦਿੱਤੀ ਕਿ ਸਾਨੂੰ CIA STAFF ਸੈਕਟਰ-10 ਦੇ ਥਾਣੇ ਵਿੱਚ ਲਿਜਾਇਆ ਜਾ ਰਿਹਾ ਹੈ।

ਚੜੂਨੀ ਨੇ ਕਿਹਾ ਕਿ ਕਿਸਾਨਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ। ਉਨ੍ਹਾਂ ਨੇ ਸਾਰੇ ਕਿਸਾਨਾਂ ਨੂੰ ਆਪਣੇ-ਆਪਣੇ ਜ਼ਿਲ੍ਹੇ, ਸ਼ਹਿਰ ਵਿੱਚ ਪੈਂਦੇ ਟੋਲ ਪਲਾਜ਼ਿਆਂ ‘ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਅੰਬਾਲਾ, ਯਮੁਨਾਨਗਰ ਅਤੇ ਪੰਚਕੂਲਾ ਦੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਟੋਲ ਪਲਾਜ਼ਾ ‘ਤੇਇਕੱਠੇ ਹੋਣ ਦੀ ਅਪੀਲ ਕੀਤੀ ਹੈ, ਤਾਂ ਜੋ ਉੱਥੇ ਬਾਕੀ ਕਿਸਾਨਾਂ ਦੇ ਨਾਲ ਗੱਲ ਕਰਕੇ ਕੋਈ ਫੈਸਲਾ ਲਿਆ ਜਾਵੇ। ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਸਾਰੇ ਬੀਜੀਪੇ ਅਤੇ ਸਹਿਯੋਗੀ ਪਾਰਟੀਆਂ ਦੇ ਲੀਡਰਾਂ ਦਾ ਵਿਰੋਧ ਕਰਨ ਦਾ ਕਈ ਮਹੀਨਿਆਂ ਤੋਂ ਐਲਾਨ ਕੀਤਾ ਹੋਇਆ ਹੈ।

ਦਰਅਸਲ, ਅੰਬਾਲਾ ਵਿੱਚ ਪੁਲਿਸ ਨੇ ਧਰਨਾ ਦੇ ਰਹੇ ਕਿਸਾਨਾਂ ਨੂੰ ਚੁੱਕ ਦਿੱਤਾ ਹੈ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਖਿੱਚ-ਧੂਹ ਹੋਈ, ਜਿਸ ਤੋਂ ਬਾਅਦ ਪੁਲਿਸ ਕਿਸਾਨਾਂ ਨੂੰ ਧਰਨੇ ਤੋਂ ਧੂਹ ਕੇ ਲੈ ਗਈ। ਪੁਲਿਸ ਨੇ ਕੱਲ੍ਹ ਕੁੱਝ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਨੂੰ ਛੁਡਾਉਣ ਲਈ ਅੱਜ ਸਵੇਰੇ ਤੋਂ ਹੀ ਕਿਸਾਨਾਂ ਵੱਲੋਂ ਅੰਬਾਲਾ-ਦਿੱਲੀ ਹਾਈਵੇਅ ਜਾਮ ਕੀਤਾ ਗਿਆ। ਕਿਸਾਨਾਂ ਨੂੰ ਜਿਨ੍ਹਾਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਕੱਲ੍ਹ ਦੇਰ ਸ਼ਾਮ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਵਿਰੋਧ ਕਰ ਰਹੇ ਸਨ।