‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਚੜੂਨੀ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਖ਼ਾਸ ਤੌਰ ‘ਤੇ ਅਪੀਲ ਇਸ ਲਈ ਅਪੀਲ ਕੀਤੀ ਹੈ ਕਿਉਂਕਿ ਉੱਤਰ ਪ੍ਰਦੇਸ਼ ਵਿੱਚ ਯੂਪੀ ਦੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਉਦਘਾਟਨ ਦਾ ਲੋਕਾਂ ਨੇ ਵਿਰੋਧ ਨਹੀਂ ਕੀਤਾ ਸੀ। ਚੜੂਨੀ ਨੇ ਕਿਹਾ ਕਿ ਤੁਸੀਂ ਕਿਸੇ ਲੀਡਰਸ਼ਿਪ ਦਾ ਇੰਤਜ਼ਾਰ ਨਾ ਕਰੋ, ਜਦੋਂ ਵੀ ਕੋਈ ਸਿਆਸੀ ਲੀਡਰ ਤੁਹਾਡੇ ਸਾਹਮਣੇ ਆਉਂਦਾ ਹੈ, ਤੁਸੀਂ ਸਥਾਨਕ ਲੋਕ ਇਕੱਠੇ ਹੋ ਕੇ ਹੀ ਉਸਦਾ ਵਿਰੋਧ ਕਰਨਾ ਸ਼ੁਰੂ ਕਰ ਦਿਉ। ਚੜੂਨੀ ਨੇ ਕਿਹਾ ਕਿ ਤੁਸੀਂ ਪ੍ਰਸ਼ਾਸਨ ਨਾਲ ਧੱਕਾ-ਮੁੱਕੀ ਨਹੀਂ ਕਰਨੀ, ਸਿਰਫ ਸ਼ਾਂਤਮਈ ਪ੍ਰਦਰਸ਼ਨ ਹੀ ਕਰਨਾ ਹੈ।
ਚੜੂਨੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਅੱਜ ਤੱਕ ਇੱਕ ਵੀ ਟੋਲ ਪਲਾਜ਼ਾ ਜਾਮ ਨਹੀਂ ਹੋਇਆ। ਹਰਿਆਣਾ ਅਤੇ ਪੰਜਾਬ ਵਿੱਚ ਕਿਸਾਨਾਂ ਨੇ ਟੋਲ ਪਲਾਜ਼ੇ ਜਾਮ ਕੀਤੇ ਹੋਏ ਹਨ ਤਾਂ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਟੋਲ ਪਲਾਜ਼ਾ ਜਾਮ ਕਰ ਸਕਦੇ ਹਨ। ਉਨ੍ਹਾਂ ਦੇ ਸਿਰਫ ਸੰਗਠਿਤ ਹੋਣ ਦੀ ਕਮੀ ਹੈ। ਤੁਸੀਂ ਜਿੰਨੀਆਂ ਵੀ ਕੁਰਬਾਨੀਆਂ ਦੇਵੋਗੇ, ਉਸ ਨਾਲ ਦੂਸਰੇ ਲੋਕ ਜਾਗਣਗੇ ਅਤੇ ਅੱਗੇ ਆਉਣਗੇ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕ ਅੰਦੋਲਨ ਨੂੰ ਅੱਗੇ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉੱਤਰਾਖੰਡ ਦੇ ਲੋਕ ਫਿਰ ਵੀ ਕਾਫੀ ਹਿੰਮਤ ਕਰ ਰਹੇ ਹਨ ਪਰ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਬਹੁਤ ਤੇਜ਼ੀ ਫੜ੍ਹਨ ਦੀ ਲੋੜ ਹੈ।
ਚੜੂਨੀ ਨੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਸਾਰੇ ਟੋਲ ਪਲਾਜ਼ੇ ਰੋਕਣ ਦੀ ਅਪੀਲ ਕੀਤੀ ਹੈ। ਤੁਸੀਂ ਪਿੰਡਾਂ ਵਿੱਚ ਮੰਤਰੀਆਂ ਦਾ ਵਿਰੋਧ ਕਰੋ। ਸਰਕਾਰ ਵੱਧ ਤੋਂ ਵੱਧ ਤੁਹਾਡੇ ਨਾਲ ਧੱਕਾ-ਮੁੱਕੀ ਕਰੇਗੀ, ਤੁਹਾਨੂੰ ਜੇਲ੍ਹ ਲੈ ਜਾਵੇਗੀ ਪਰ ਅਸੀਂ ਡਰਨਾ ਨਹੀਂ ਹੈ। ਜਦੋਂ ਤੱਕ ਤੁਸੀਂ ਕੁਰਬਾਨੀਆਂ ਨਹੀਂ ਦੇਵੋਗੇ, ਸਰਕਾਰ ਦੇ ਖਿਲਾਫ ਨਹੀਂ ਲੜੋਗੇ, ਸਰਕਾਰ ਦੀ ਕੁੱਟ ਨਹੀਂ ਖਾਉਗੇ, ਉਦੋਂ ਤੱਕ ਤੁਹਾਡੀ ਆਵਾਜ਼ ਸੁਣਨ ਵਾਲਾ ਕੋਈ ਨਹੀ ਹੈ। ਉੱਤਰ ਪ੍ਰਦੇਸ਼ ਵਿੱਚ ਤੁਹਾਨੂੰ ਬੀਜੇਪੀ ਦੀਆਂ ਜੜ੍ਹਾਂ ਪੁੱਟਣੀਆਂ ਪੈਣਗੀਆਂ। ਜਦੋਂ ਤੱਕ ਤੁਸੀਂ ਬੀਜੇਪੀ ਦੀਆਂ ਜੜ੍ਹਾਂ ਨਹੀਂ ਪੁੱਟੋਗੇ ਤਾਂ ਉਦੋਂ ਤੱਕ ਤੁਹਾਡੀ ਕੋਈ ਨਹੀਂ ਸੁਣੇਗਾ। ਚੜੂਨੀ ਨੇ ਕਿਸਾਨਾਂ ਨੂੰ ਆਪਣੇ ਨਾਲ ਮਜ਼ਦੂਰਾਂ ਨੂੰ ਵੀ ਰਲਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸਾਨ ਲੀਡਰਾਂ ਵੱਲੋਂ ਰੋਡ ਜਾਮ ਕਰਨ ਦੀ ਕਾਲ ਆਵੇ ਤਾਂ ਹਰ ਛੋਟੇ ਤੋਂ ਵੱਡਾ ਰੋਡ ਜਾਮ ਹੋ ਜਾਣਾ ਚਾਹੀਦਾ ਹੈ। ਜਦੋਂ ਟੋਲ ਬੰਦ ਕਰਨ ਦੀ ਕਾਲ ਆਵੇ ਤਾਂ ਸਾਰੇ ਟੋਲ ਪਲਾਜ਼ੇ ਬੰਦ ਕੀਤੇ ਜਾਣ। ਉੱਤਰ ਪ੍ਰਦੇਸ਼ ਦੇਸ਼ ਵਿੱਚ ਸਭ ਤੋਂ ਵੱਡਾ ਸੂਬਾ ਹੈ ਅਤੇ ਜੇਕਰ ਇਕੱਲਾ ਉੱਤਰ ਪ੍ਰਦੇਸ਼ ਸਰਕਾਰ ਦੇ ਖਿਲਾਫ ਖੜ੍ਹਾ ਹੋ ਜਾਵੇ ਤਾਂ ਸਰਕਾਰ ਦੀਆਂ ਜੜ੍ਹਾਂ ਹਿੱਲ ਜਾਣਗੀਆਂ। ਇਹ ਤਾਂ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਨੂੰ ਕਿਸਾਨੀ ਅੰਦੋਲਨ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ।
ਚੜੂਨੀ ਦੀ ਲੋਕਾਂ ਨੂੰ ਅਨੋਖੀ ਅਪੀਲ
ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕੱਲ੍ਹ ਕਿਸਾਨ ਮੋਰਚੇ ਨੂੰ 6 ਮਹੀਨੇ ਪੂਰੇ ਹੋਣ ‘ਤੇ ਅਤੇ ਮੋਦੀ ਸਰਕਾਰ ਦੇ ਖਿਲਾਫ ਸਾਰੇ ਦੇਸ਼ ਵਾਸੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਆਪਣੇ-ਆਪਣੇ ਘਰਾਂ, ਵਹੀਕਲਾਂ ‘ਤੇ ਕਾਲੇ ਝੰਡੇ ਲਾ ਕੇ ਮੋਦੀ ਸਰਕਾਰ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਚੜੂਨੀ ਨੇ ਕਿਹਾ ਕਿ ਕੱਲ੍ਹ ਮੋਦੀ ਸਰਕਾਰ ਦੇ ਪੁਤਲੇ ਫੂਕਣ ਤੋਂ ਪਹਿਲਾਂ ਮੋਦੀ ਦੇ ਪੁਤਲੇ ਦਾ ਮੂੰਹ ਕਾਲਾ ਕਰਕੇ ਫੂਕਿਆ ਜਾਵੇ।
ਚੜੂਨੀ ਨੇ ਕਿਹਾ ਕਿ ਕੱਲ੍ਹ ਬੁੱਧ ਪੂਰਨਿਮਾ ਵੀ ਹੈ। ਇਸ ਲਈ ਕੱਲ੍ਹ ਦੇ ਦਿਨ ਨੂੰ ਅਸੀਂ ਕਾਲਾ ਦਿਵਸ ਨਹੀਂ ਕਹਾਂਗੇ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਕੱਲ੍ਹ ਮੋਦੀ ਸਰਕਾਰ ਖਿਲਾਫ ਮਨਾਏ ਜਾ ਰਹੇ ਵਿਰੋਧ ਦਿਵਸ ਨੂੰ ਕਾਲਾ ਦਿਵਸ ਨਾ ਕਹਿਣ ਕਿਉਂਕਿ ਕੱਲ੍ਹ ਬੁੱਧ ਪੂਰਨਿਮਾ ਦਾ ਦਿਹਾੜਾ ਵੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ।