‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਚੀਫ ਖਾਲਸਾ ਦੀਵਾਨ ਦੇ ਅਦਾਰਿਆਂ ਵਿੱਚ ਆਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਚੀਫ ਖਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਕਾਰਜਸਾਧਕ ਕਮੇਟੀ ਨੇ ਚੱਢਾ ਦੇ 16 ਅਪ੍ਰੈਲ ਨੂੰ ਚੀਫ ਖਾਲਸਾ ਦੀਵਾਨ ਦੇ ਕੈਂਪਸ ਵਿੱਚ ਆਉਣ ਦੀ ਨਿਖੇਧੀ ਕਰਦਿਆਂ ਚੀਫ ਖਾਲਸਾ ਦੀਵਾਨ ਦੇ ਅਦਾਰਿਆਂ ਅਤੇ ਦਫ਼ਤਰਾਂ ਵਿੱਚ ਉਨ੍ਹਾਂ ਦੇ ਦਾਖਲ ਹੋਣ ’ਤੇ ਰੋਕ ਲਾ ਦਿੱਤੀ ਹੈ।
ਇਸ ਦੌਰਾਨ ਚੱਢਾ ਵੱਲੋਂ ਚੀਫ ਖਾਲਸਾ ਦੀਵਾਨ ਨੂੰ ਦਿੱਤੇ ਗਏ 51 ਹਜ਼ਾਰ ਰੁਪਏ ਵੀ ਵਾਪਸ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੱਢਾ ਸੰਸਥਾ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਦੀ ਔਰਤ ਪ੍ਰਿੰਸੀਪਲ ਨਾਲ ਇੱਕ ਇਤਰਾਜ਼ਯੋਗ ਵੀਡਿਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਦੀਵਾਨ ਵੱਲੋਂ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਆਉਣ ਬਹਾਨੇ ਉਨ੍ਹਾਂ ਦਾ ਚੀਫ ਖਾਲਸਾ ਦੀਵਾਨ ਦੇ ਅਦਾਰਿਆਂ ਵਿੱਚ ਦਾਖ਼ਲਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਦੇ ਮਨਾਂ ’ਤੇ ਮਾੜਾ ਅਸਰ ਪਵੇਗਾ।