India

ਕੇਂਦਰ ਸਰਕਾਰ ਨੇ PFI ਤੇ ਲਾਈ ਪੰਜ ਸਾਲ ਲਈ ਪਾਬੰਦੀ,ਜਾਣੋ ਕਾਰਣ

ਨਵੀਂ ਦਿੱਲੀ : ਪਾਪੂਲਰ ਫਰੰਟ ਆਫ ਇੰਡੀਆ ਤੇ ਇਸਦੇ ਸਹਿਯੋਗੀਆਂ ਅਤੇ ਸਹਿਯੋਗੀ ਫਰੰਟਾਂ ‘ਤੇ ਕੇਂਦਰ ਸਰਕਾਰ ਨੇ ਪੰਜ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ ਤੇ ਇਨ੍ਹਾਂ ਨੂੰ ਗੈਰ ਕਾਨੂੰਨੀ ਐਲਾਨ ਕੀਤਾ ਗਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਮਹਾਰਾਸ਼ਟਰ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਪੀਐਫ਼ਆਈ ਅਤੇ ਇਸਦੇ ਸਿਆਸੀ ਵਿੰਗ ਡੈਮੋਕਰੇਟਿਕ ਫਰੰਟ ਆਫ਼ ਦੇ ਟਿਕਾਣਿਆਂ ਉੱਪਰ ਛਾਪੇਮਾਰੀ ਕਰ ਕੇ 32 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਪ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਦਾਅਵਾ ਕੀਤਾ ਹੈ ਕਿ ਸੰਗਠਨ ਉੱਪਰ ਕਾਰਵਾਈ ਕਾਨੂੰਨ ਮੁਤਾਬਕ ਅਤੇ ਜਾਂਚ ‘ਤੇ ਸਬੂਤਾਂ ਦੇ ਸਾਹਮਣੇ ਆਉਣ ‘ਤੇ ਹੀ ਕੀਤੀ ਗਈ ਹੈ।ਇਸ ਸਬੰਧ ਵਿੱਚ ਭਾਰਤ ਸਰਕਾਰ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਸਾਫ ਕੀਤਾ ਹੈ ਕਿ ਪੀਐਫ਼ਆਈ ਅਤੇ ਇਸ ਸਹਾਇਕ ਲੁਕਵੇਂ ਢੰਗ ਰਾਹੀਂ ਸਮਾਜ ਦੇ ਇੱਕ ਖ਼ਾਸ ਵਰਗ ਨੂੰ ਕੱਟੜ ਬਣਾਉਣ ਦੇ ਏਜੰਡੇ ਉੱਪਰ ਕੰਮ ਕਰ ਰਹੇ ਹਨ। ਜਿਸ ਨਾਲ ਲੋਕਤੰਤਰ ਦਾ ਸੰਕਲਪ ਕਮਜ਼ੋਰ ਹੇ ਰਿਹਾ ਹੈ।

ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ”ਪੀਐਫ਼ਆਈ ਦੇ ਮੋਢੀ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (ਸਿਮੀ) ਦੇ ਵੀ ਆਗੂ ਹਨ ਅਤੇ ਇਸ ਦੇ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇਐਮਬੀ) ਨਾਲ ਵੀ ਸੰਬੰਧ ਹਨ ਜੋ ਕਿ ਦੋਵੇਂ ਹੀ ਪਾਬੰਦੀਸ਼ੁਦਾ ਸੰਗਠਨ ਹਨ।

ਤੁਹਾਨੂੰ ਦੱਸ ਦਈਏ ਕਿ ਪੀਐਫਆਈ ਇੱਕ ਗੈਰ-ਸਰਕਾਰੀ ਸਮਾਜਿਕ ਸੰਗਠਨ ਵਜੋਂ ਕੰਮ ਕਰ ਰਹੀ ਸੰਸਥਾ ਹੈ,ਜਿਸਦਾ ਉਦੇਸ਼ ਦੇਸ਼ ਵਿੱਚ ਗਰੀਬਾਂ ਅਤੇ ਪਛੜੇ ਵਰਗਾਂ ਦੇ ਵਿਕਾਸ ਲਈ ਕੰਮ ਕਰਨਾ ਅਤੇ ਜ਼ੁਲਮ ਅਤੇ ਸ਼ੋਸ਼ਣ ਦਾ ਵਿਰੋਧ ਕਰਨਾ ਹੈ। ਹੋਂਦ ਵਿੱਚ ਆਉਣ ਤੋਂ ਹੀ ਇਹ ਸੰਗਠਨ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ।

ਇਸ ਸਮੇਂ ਪੀਐਫਆਈ ਦੇਸ਼ ਦੇ 20 ਤੋਂ ਵੱਧ ਸੂਬਿਆਂ ਵਿੱਚ ਸਰਗਰਮ ਹੈ ਅਤੇ ਕਾਫੀ ਲੋਕ ਇਸ ਨਾਲ ਜੁੜੇ ਹੋਏ ਹਨ।
ਦੱਖਣ ਭਾਰਤੀ ਸੂਬਿਆਂ ਕੇਰਲ ਅਤੇ ਕਰਨਾਟਕ ਵਿੱਚ ਇਸ ਸੰਗਠਨ ਦਾ ਮਜ਼ਬੂਤ ਆਧਾਰ ਹੈ।

ਸੰਨ 2006 ਵਿੱਚ ਮੁਸਲਮਾਨਾਂ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਕਈ ਸੰਸਥਾਵਾਂ ਨੇ ਇਕੱਠੇ ਹੋ ਕੇ ਇਸ ਸੰਸਥਾ ਨੂੰ ਹੋਂਦ ਵਿੱਚ ਲਿਆਂਦਾ ਸੀ ਤੇ ਇਸ ਦੀ ਸਥਾਪਨਾ ਦੱਖਣੀ ਭਾਰਤ ਵਿੱਚ ਹੋਈ ਸੀ,ਜਿਸ ਤੋਂ ਬਾਅਦ ਇਹ ਸੰਸਥਾਂ ਲਗਾਤਾਰ ਵਿਵਾਦਾਂ ਵਿੱਚ ਘਿਰੀ ਹੋਈ ਹੈ। ਇਸ ਦੇ ਕਾਰਕੁਨਾਂ ਉੱਤੇ ਕਈ ਸੰਗੀਨ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵੀ ਲੱਗੇ ਸਨ।

ਐਨਆਈਏ ਅਤੇ ਈਡੀ ਨੇ ਵੱਖ-ਵੱਖ ਸੂਬਿਆਂ ਵਿੱਚ ਪਾਪੂਲਰ ਫਰੰਟ ਆਫ ਇੰਡੀਆ ਦੇ ਭਾਰਤ ਵਿੱਚ  ਅਲੱਗ ਅਲੱਗ ਸੂਬਿਆਂ ਵਿੱਚ ਸਥਿਤ ਟਿਕਾਣਿਆਂ ‘ਤੇ ਛਾਪੇਮਾਰੀ ਕਰਨ ਤੋਂ ਬਾਅਦ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਐਨਆਈਏ ਦੀ ਇਸ ਕਾਰਵਾਈ ਤੋਂ ਬਾਅਦ, ਪੀਐਫਆਈ ਦਾ ਇੱਕ ਬਿਆਨ ਸਾਹਮਣੇ ਆਇਆ ਹੈ,ਜਿਸ ਵਿੱਚ ਰਾਸ਼ਟਰੀ ਕਾਰਜਕਾਰੀ ਪ੍ਰੀਸ਼ਦ ਐਨਆਈਏ ਅਤੇ ਈਡੀ ਦੁਆਰਾ ਦੇਸ਼ ਵਿਆਪੀ ਛਾਪੇਮਾਰੀ ਅਤੇ ਰਾਸ਼ਟਰੀ ਪੱਧਰ ਦੇ ਕਾਰਕੁਨਾਂ ਅਤੇ ਨੇਤਾਵਾਂ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਗਈ ਹੈ ।

ਪੀਐਫਆਈ ਨੇ ਕਿਹਾ ਹੈ, “ਐਨਆਈਏ ਦੇ ਦਾਅਵੇ ਸਨਸਨੀਖੇਜ਼ ਹਨ ਅਤੇ ਉਨ੍ਹਾਂ ਦਾ ਮਕਸਦ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਹੈ ਪਰ ਉਹ ਅਜਿਹੀ ਕਾਰਵਾਈ ਅੱਗੇ ਕਦੇ ਵੀ ਆਤਮ ਸਮਰਪਣ ਨਹੀਂ ਕਰੇਗਾ।