India Punjab

ਸਰਕਾਰ ਦਾ ਵੱਡਾ ਤੋਹਫਾ ਬਨਾਮ ਵੋਟਰਾਂ ਦਾ ਤਕੜਾ ਹਲੂਣਾ

‘ਦ ਖ਼ਾਲਸ ਬਿਊਰੋ ( ਬਨਵੈਤ / ਪੁਨੀਤ ਕੌਰ) :- ਕੇਂਦਰ ਸਰਕਾਰ ਨੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਲੋਕਾਂ ਨੂੰ ਦਿਵਾਲੀ ਵੇਲੇ ਇੱਕ ਵੱਡਾ ਤੋਹਫਾ ਦਿੱਤਾ ਹੈ। ਵੋਟਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਤਕੜਾ ਝਟਕਾ ਦੇਣ ਤੋਂ ਅਗਲੇ ਦਿਨ ਕੇਂਦਰ ਸਰਕਾਰ ਨੇ ਇਸਦੇ ਬਦਲੇ ਵਿੱਚ ਆਮ ਲੋਕਾਂ ਨੂੰ ਵੱਡਾ ਤੋਹਫਾ ਦੇ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਪੈਟਰੋਲ ‘ਤੇ ਪੰਜ ਰੁਪਏ ਅਤੇ ਡੀਜ਼ਲ ‘ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਘੱਟ ਕਰ ਦਿੱਤੀ ਹੈ। ਕੇਂਦਰ ਦੇ ਇਸ ਫੈਸਲੇ ਦਾ ਜਨਤਾ ਨੂੰ ਦੋਹਰਾ ਲਾਭ ਮਿਲਣ ਵਾਲਾ ਹੈ ਕਿਉਂਕਿ ਹੁਣ ਸੂਬੇ ਵੀ ਵੈਟ ਨੂੰ ਕਰਨ ਦੇ ਪਾਬੰਦ ਹੋ ਗਏ ਹਨ। ਅਜਿਹੇ ਸੰਕੇਤ ਕੇਂਦਰ ਵੱਲੋਂ ਦਿੱਤੇ ਗਏ ਹਨ ਅਤੇ ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹੋਰ ਆਵੇਗੀ। ਕੇਂਦਰ ਨੇ ਇਹ ਫੈਸਲਾ ਤਿੰਨ ਲੋਕ ਸਭਾ ਅਤੇ 29 ਵਿਧਾਨ ਸਭਾ ਹਲਕਿਆਂ ਦੇ ਨਤੀਜੇ ਆਉਣ ਤੋਂ ਅਗਲੇ ਦਿਨ ਹੀ ਲਿਆ ਹੈ, ਜਿਸਨੂੰ ਵੋਟਰ ਦਾ ਪਹਿਲਾ ਝਟਕਾ ਮੰਨਿਆ ਜਾਣ ਲੱਗਾ ਹੈ।

ਪੈਟਰੋਲ ਅਤੇ ਡੀਜ਼ਲ ਦੇ ਭਾਅ ਨੂੰ ਇੱਕ ਤਰ੍ਹਾਂ ਨਾਲ ਅੱਗ ਲੱਗ ਗਈ ਸੀ। ਕਈ ਸੂਬਿਆਂ ਵਿੱਚ ਪੈਟਰੋਲ 120 ਰੁਪਏ ਅਤੇ ਡੀਜ਼ਲ 100 ਰੁਪਏ ਨੂੰ ਪਾਰ ਕਰ ਗਿਆ ਸੀ। ਮਹਿੰਗਾਈ ਦੇ ਲਗਾਤਾਰ ਵਧਣ ਕਾਰਨ ਜਨਤਾ ਦੇ ਵਿਰੋਧ ਦੀ ਸ਼ਾਇਦ ਹਾਕਮਾਂ ਨੂੰ ਭਿਣਕ ਪੈ ਗਈ ਸੀ ਅਤੇ ਨਾਲ ਹੀ ਅੰਦੋਲਨਕਾਰੀ ਕਿਸਾਨਾਂ ਦੇ ਰੋਸ ਦੀ ਸੂਹ। ਤੇਲ ਦੀਆਂ ਕੀਮਤਾਂ ਦੇ ਲਗਾਤਾਰ ਵਧਣ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਮਾਰਚ ਅਤੇ ਮਈ ਦੇ ਵਿੱਚ ਪੈਟਰੋਲ ‘ਤੇ 13 ਰੁਪਏ ਅਤੇ ਡੀਜ਼ਲ ‘ਤੇ 16 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਵਧਾ ਦਿੱਤੀ ਸੀ। ਇਸ ਦੌਰਾਨ ਇੱਕ ਦਿਨ ਅਜਿਹਾ ਵੀ ਆਇਆ ਜਦੋਂ 24 ਘੰਟਿਆਂ ਵਿੱਚ ਪੈਟਰੋਲ ‘ਤੇ ਐਕਸਾਈਜ਼ ਡਿਊਟੀ 10 ਰੁਪਏ ਅਤੇ ਡੀਜ਼ਲ ‘ਤੇ 13 ਰੁਪਏ ਦਾ ਭਾਰ ਪਾ ਦਿੱਤਾ ਗਿਆ। ਕੇਂਦਰ ਨੇ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਪੈਟਰੋਲ ਅਤੇ ਡੀਜ਼ਲ ‘ਤੇ ਲੱਗਦੀ ਐਕਸਾਈਜ਼ ਡਿਊਟੀ ਨੂੰ ਪੰਜ ਤੋਂ ਦਸ ਰੁਪਏ ਘੱਟ ਕਰਕੇ ਲੋਕਾਂ ਦੇ ਓਪਰੇ-ਓਪਰੇ ਹੰਝੂ ਪੂੰਝੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਚਾਹੇ ਤਾਂ ਪੈਟਰੋਲ ਅਤੇ ਡੀਜ਼ਲ ‘ਤੇ 18 ਰੁਪਏ ਤੱਕ ਐਕਸਾਈਜ਼ ਡਿਊਟੀ ਘੱਟ ਸਕਦੀ ਸੀ।

ਅੰਕੜੇ ਬੋਲਦੇ ਹਨ ਕਿ ਪਿਛਲੇ ਛੇ ਸਾਲਾਂ ਦੌਰਾਨ ਐਕਸਾਈਜ਼ ਡਿਊਟੀ ਵਿੱਚ 250 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜਦਕਿ ਪੰਜ ਸਾਲਾਂ ਵਿੱਚ ਪੈਟਰੋਲ ਦੀ ਕੀਮਤ 59 ਫੀਸਦੀ ਉੱਪਰ ਗਈ ਹੈ। ਮਿਲੇ ਅੰਕੜਿਆਂ ਮੁਤਾਬਕ 2014 ਵਿੱਚ ਪੈਟਰੋਲ ‘ਤੇ ਐਕਸਾਈਜ਼ ਡਿਊਟੀ 9.48 ਫੀਸਦੀ ਸੀ ਜਦਕਿ ਇਸ ਸਾਲ 27.90 ਫ਼ੀਸਦੀ ਨੂੰ ਪਹੁੰਚ ਗਈ ਹੈ। ਇਸੇ ਤਰ੍ਹਾਂ ਡੀਜ਼ਲ ‘ਤੇ 2014 ਨੂੰ ਐਕਸਾਈਜ਼ ਡਿਊਟੀ 3.56 ਫ਼ੀਸਦੀ ਸੀ ਜਿਹੜੀ ਕਿ ਹੁਣ ਇਸ ਸਾਲ 21.80 ਫ਼ੀਸਦੀ ਨੂੰ ਪਾਰ ਕਰ ਗਈ ਹੈ। ਜੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਦੀ ਗੱਲ ਕਰੀਏ ਤਾਂ 1 ਨਵੰਬਰ 2017 ਨੂੰ ਪੈਟਰੋਲ ਦਾ ਭਾਅ 69 ਰੁਪਏ 14 ਪੈਸੇ ਸੀ, ਜਿਹੜਾ ਕਿ ਹੁਣ 109 ਰੁਪਏ 69 ਰੁਪਏ ਨੂੰ ਵਿਕ ਰਿਹਾ ਹੈ। ਇਸੇ ਤਰ੍ਹਾਂ ਡੀਜ਼ਲ ਦਾ ਭਾਅ ਅੱਜ 98 ਰੁਪਏ ਨੂੰ ਪਾਰ ਕਰ ਗਿਆ ਹੈ ਜਿਹੜਾ ਕਿ 2017 ਵਿੱਚ 57.73 ਪੈਸੇ ਸੀ। ਹਾਲੇ ਇੱਕ ਸਾਲ ਪਹਿਲਾਂ ਹੀ ਪੈਟਰੋਲ ਦਾ ਭਾਅ 81 ਰੁਪਏ ਦੇ ਨੇੜੇ-ਤੇੜੇ ਘੁੰਮਦਾ ਰਿਹਾ ਹੈ ਅਤੇ ਡੀਜ਼ਲ 70 ਰੁਪਏ ਨੂੰ ਰਿਹਾ ਹੈ।

ਪੈਟਰੋਲ ਅਤੇ ਡੀਜ਼ਲ ਤੋਂ ਬਿਨਾਂ ਰਸੋਈ ਸਮੇਤ ਨਿੱਤ ਲੋੜ ਦੀਆਂ ਵਸਤਾਂ ਦੇ ਭਾਅ ਵੀ ਅਸਮਾਨ ਨੂੰ ਛੂਹਣ ਲੱਗੇ ਹਨ। ਦਾਲਾਂ ਅਤੇ ਸਬਜ਼ੀਆਂ ਦੇ ਭਾਅ ਨੂੰ ਇੱਕ ਤਰ੍ਹਾਂ ਨਾਲ ਅੱਗ ਲੱਗ ਗਈ ਹੈ। ਇਸਦੀ ਵਜ੍ਹਾ ਕਾਰਨ ਜਿੱਥੇ ਲੋਕ ਤਰਾਹ-ਤਰਾਹ ਕਰ ਉੱਠੇ ਸਨ, ਉੱਥੇ ਲੋਕਾਂ ਦੇ ਅੰਦਰ ਵਿਰੋਧ ਵੀ ਸ਼ੁਰੂ ਹੋ ਗਿਆ ਸੀ। ਸ਼ਾਇਦ ਸਮੇਂ ਦੀ ਸਰਕਾਰ ਨੂੰ ਇਹ ਸੁਨੇਹਾ ਦੋ ਦਿਨ ਪਹਿਲਾਂ ਆਏ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਮਿਲ ਗਿਆ ਹੋਵੇ। ਇੱਕ ਗੱਲ ਪੱਕੀ ਹੈ ਕਿ ਜੇ ਜਨਤਾ ਠਾਣ ਲਵੇ ਤਾਂ ਹਾਕਮਾਂ ਦਾ ਮੂਹਰੇ ਖੜਨਾ ਔਖਾ ਹੋ ਜਾਂਦਾ ਹੈ ਅਤੇ ਵੋਟਰ ਹੀ ਹਾਕਮਾਂ ਦੇ ਸਿੰਘਾਸਣ ਨੂੰ ਹਿਲਾਉਣ ਦੀ ਸਮਰੱਥਾ ਰੱਖੇਦੇ ਹਨ। ਇਹ ਗੱਲ ਸ਼ਾਇਦ ਹਾਕਮਾਂ ਅਤੇ ਜਨਤਾ ਦੋਵਾਂ ਨੂੰ ਸਮਝ ਪੈਂਦੀ ਨਜ਼ਰ ਆ ਰਹੀ ਹੈ। ਸਰਕਾਰ ਅਤੇ ਜਨਤਾ ਦੋਹਾਂ ਲਈ ਇਸਨੂੰ ਝਟਕਾ ਜਾਂ ਤੋਹਫਾ ਸਮਝਿਆ ਜਾਵੇ, ਇਹ ਫੈਸਲਾ ਤੁਹਾਡੇ ‘ਤੇ ਹੈ।