ਚੰਡੀਗੜ੍ਹ : ਪੰਜਾਬ ਵਿੱਚ ਸੂਬਾ ਸਰਕਾਰ ਨੇ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਗਿਰਦਾਵਾਰੀ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ। ਪਰ ਦੂਜੇ ਪਾਸੇ ਕਿਸਾਨਾਂ ਨੂੰ ਬਦਰੰਗ ਕਣਕ ਦੀ ਦਾਣੇ ਦੀ ਖਰੀਦ ਬਾਰੇ ਵੱਡੀ ਚਿੰਤਾ ਹੈ। ਇਸ ਲਈ ਕਿਸਾਨ ਖਰੀਦ ਸਬੰਧੀ ਢਿੱਲ ਦੀ ਮੰਗ ਕਰ ਰਹੇ ਹਨ ਪਰ ਇਹ ਕੇਂਦਰ ਸਰਕਾਰ ਉੱਤੇ ਹੀ ਨਿਰਭਰ ਕਰਦਾ ਹੈ। ਇਸ ਲਈ ਕੇਂਦਰ ਸਰਕਾਰ ਦੀਆਂ ਟੀਮਾਂ ਨੇ ਬੀਤੇ ਦਿਨ ਪੰਜਾਬ ਵਿੱਚ ਬੇਮੌਸਮੇ ਮੀਂਹ ਅਤੇ ਝੱਖੜ ਦੀ ਲਪੇਟ ’ਚ ਆਈ ਕਣਕ ਦੀ ਫ਼ਸਲ ਦੇ ਨਮੂਨੇ ਲਏ ਹਨ।
ਕੇਂਦਰੀ ਖ਼ੁਰਾਕ ਮੰਤਰਾਲੇ ਦੀਆਂ ਚਾਰ ਤਕਨੀਕੀ ਟੀਮਾਂ ਨੇ ਪੰਜਾਬ ਵਿੱਚ ਆਈਆਂ ਹੋਈਆਂ ਹਨ। ਬੀਤੇ ਦਿਨ ਇਨ੍ਹਾਂ ਟੀਮਾਂ ਨੇ ਪੰਜ ਜ਼ਿਲਿਆਂ ਤੋਂ ਕਣਕ ਦੀਆਂ ਢੇਰੀਆਂ ’ਚੋਂ ਪਹਿਲੇ ਪੜਾਅ ’ਤੇ ਕਰੀਬ 54 ਨਮੂਨੇ ਇਕੱਠੇ ਕੀਤੇ ਹਨ। ਜ਼ਿਲ੍ਹਾ ਪਟਿਆਲਾ ਵਿਚੋਂ 10, ਮੁਹਾਲੀ ਵਿਚੋਂ 15, ਲੁਧਿਆਣਾ ਵਿਚੋਂ 8, ਸੰਗਰੂਰ ਵਿਚੋਂ 20 ਅਤੇ ਫ਼ਿਰੋਜ਼ਪੁਰ ’ਚੋਂ ਨੁਕਸਾਨੀ ਫ਼ਸਲ ਦਾ ਇਕ ਨਮੂਨਾ ਲਿਆ ਹੈ। ਕਿਸਾਨਾਂ ਨੇ ਟੀਮ ਦੇ ਅਧਿਕਾਰੀਆਂ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸਿਆ।
ਕੇਂਦਰੀ ਟੀਮਾਂ ਨੇ ਡੇਰਾਬੱਸੀ, ਬਨੂੜ, ਲਾਲੜੂ, ਰਾਜਪੁਰਾ, ਮੂਨਕ, ਖਨੌਰੀ, ਸੁਨਾਮ, ਖੰਨਾ, ਮਾਛੀਵਾੜਾ ਅਤੇ ਮਮਦੋਟ ਦੇ ਖ਼ਰੀਦ ਕੇਂਦਰਾਂ ਗਈਆਂ। ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਕਣਕ ਦੀ ਇੱਕ ਢੇਰੀ ਹੀ ਪੁੱਜੀ ਹੈ ਜਿਸ ਦੇ ਨਮੂਨੇ ਭਰੇ ਗਏ ਹਨ। ਇਹ ਟੀਮਾਂ ਅਗਲੇ ਦੋ ਤਿੰਨ ਦਿਨ ਸੂਬੇ ਦਾ ਦੌਰਾ ਕਰਨਗੀਆਂ। ਇਸ ਕੜੀ ਵਿੱਚ ਮੰਡੀਆਂ ਵਿੱਚ ਵੀ ਫ਼ਸਲਾਂ ਦਾ ਜਾਇਜ਼ਾ ਲਿਆ ਜਾਣਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵਿਸਾਖੀ ਦੇ ਦਿਹਾੜੇ ਮੌਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਫ਼ਸਲ ਨੂੰ ਖ਼ਰੀਦ ਦੇ ਮਾਪਦੰਡਾਂ ਵਿਚ ਛੋਟ ਦੇਣ ਦਾ ਐਲਾਨ ਕਰ ਸਕਦੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਕਿਤੇ ਮੱਧ ਪ੍ਰਦੇਸ਼ ਵਾਂਗ ਸਰਕਾਰ ਮਾਪਦੰਡਾਂ ਦੇ ਨਾਂ ਹੇਠ ਖ਼ਰੀਦ ਦੇ ਸਰਕਾਰੀ ਭਾਅ ’ਚ ਕਟੌਤੀ ਨਾ ਕਰ ਦੇਵੇ।
ਦੱਸ ਦੇਈਏ ਕਿ ਸਰਕਾਰ 12 ਫੀਸਦੀ ਤੱਕ ਕਣਕ ਵਿੱਚ ਨਮੀ ਦੇ ਮਾਪਦੰਢ ਵਿੱਚ ਢਿੱਲ ਦਿੰਦੀ ਹੈ ਪਰ ਰਿਪੋਰਟ ਮੁਤਾਬਿਕ ਇਸ ਵੇਲੇ ਕਣਕ ਵਿੱਚ 20 ਫੀਸਦੀ ਤੱਕ ਨਮੀ ਆ ਰਹੀ ਹੈ। ਇਸ ਲਈ ਕਿਸਾਨਾਂ ਦੇ ਖੁੱਜਲ-ਖੁਆਰ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉਧਰ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਫਸਲਾਂ ਦੇ ਮੁਆਵਜ਼ੇ ਅਤੇ ਕਣਕ ਖਰੀਦ ਮਾਪਦੰਡਾਂ ਵਿੱਚ ਢਿੱਲ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ।