Punjab Religion

ਸ੍ਰੀ ਅਕਾਲ ਤਖ਼ਤ ਸਾਹਿਬ ਹੋਈ ਇਕੱਤਰਤਾ ਵਿੱਚੋਂ ਕੀ ਨਿਕਲਿਆ? ਜਾਣੋ ਪੂਰਾ ਵੇਰਵਾ

ਬਿਊਰੋ ਰਿਪੋਰਟ (ਅੰਮ੍ਰਿਤਸਰ, 13 ਸਤੰਬਰ): ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਹੜ੍ਹ ਰਾਹਤ ਕਾਰਜਾਂ ਲਈ ਸਾਰੀਆਂ ਸੰਸਥਾਵਾਂ ਨੂੰ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਪਸੀ ਸਾਂਝ ਦੀ ਕਮੀ ਕਾਰਨ ਕੰਮ ਵਿੱਚ ਤਾਲਮੇਲ ਨਹੀਂ ਬਣ ਰਿਹਾ, ਇਸ ਲਈ ਸੋਮਵਾਰ ਤੱਕ ਇੱਕ ਵੈਬਸਾਈਟ sarkarekhalsa.org ਬਣਾਈ ਜਾਵੇਗੀ ਜਿਸ ਦਾ ਕੰਟਰੋਲ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਹੋਵੇਗਾ।

ਇਸ ਪੋਰਟਲ ‘ਤੇ ਸਾਰੀਆਂ ਸੰਸਥਾਵਾਂ ਰਜਿਸਟਰ ਹੋਣਗੀਆਂ ਤੇ ਹਰ ਪਿੰਡ ਵਿੱਚ ਲੋੜੀਂਦੀ ਸਹਾਇਤਾ ਬਾਰੇ ਡਾਟਾ ਅਪਲੋਡ ਕੀਤਾ ਜਾਵੇਗਾ। ਕਿਹੜੀ ਸੰਸਥਾ ਕਿਹੜੇ ਪਿੰਡ ਵਿੱਚ ਸੇਵਾ ਕਰ ਰਹੀ ਹੈ, ਕਿਹੜੇ ਪਿੰਡ ਗੋਦ ਲਏ ਗਏ ਹਨ, ਲੰਗਰ, ਸਫ਼ਾਈ, ਖੇਤਾਂ ਦੀ ਸਫ਼ਾਈ ਆਦਿ ਬਾਰੇ ਸਾਰੀ ਜਾਣਕਾਰੀ ਪੋਰਟਲ ਉੱਤੇ ਦਰਜ ਕੀਤੀ ਜਾਵੇਗੀ। ਜਿਹੜੀਆਂ ਸੰਸਥਾਵਾਂ ਰਲ ਕੇ ਕੰਮ ਕਰਨਾ ਚਾਹੁੰਦੀਆਂ ਹਨ ਉਹ ਵੀ ਇਸ ਪੋਰਟਲ ਰਾਹੀਂ ਜੁੜਣਗੀਆਂ।

ਜਥੇਦਾਰ ਨੇ ਦੱਸਿਆ ਕਿ ਸਾਰੀਆਂ ਸੰਸਥਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠਾਂ ਕੰਮ ਕਰਨ ਤੇ ਉਸ ਦੇ ਹੁਕਮ ਅਨੁਸਾਰ ਸੇਵਾ ਕਰਨ ਦਾ ਭਰੋਸਾ ਦਿੱਤਾ ਹੈ।

ਹਰਜੀਤ ਸਿੰਘ ਰਸੂਲਪੁਰ ਨੂੰ ਬਹਿਰੂਪੀਆ ਐਲਾਨਿਆ

ਇਸ ਮੌਕੇ ਝੂਠੇ ਪ੍ਰਚਾਰ ਕਰਨ ਵਾਲਿਆਂ ਦੀ ਵੀ ਨਿੰਦਾ ਕੀਤੀ ਗਈ। ਇਕੱਤਰਤਾ ਵਿੱਚ ਹਰਜੀਤ ਸਿੰਘ ਰਸੂਲਪੁਰ ਨੂੰ ਬਹਿਰੂਪੀਆ ਐਲਾਨਿਆ ਗਿਆ ਅਤੇ ਕਿਹਾ ਗਿਆ ਕਿ ਉਹ ਪੰਥ ਜਾਂ ਪੰਜਾਬ ਦਾ ਨੁਮਾਇੰਦਾ ਨਹੀਂ ਹੈ ਕਿਉਂਕਿ ਉਸ ਨੇ ਪੰਜਾਬ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ।

ਜਥੇਦਾਰ ਨੇ ਚੇਤਾਵਨੀ ਦਿੱਤੀ ਕਿ ਜੇ 15 ਦਿਨਾਂ ਅੰਦਰ ਖੇਤਾਂ ਵਿੱਚੋਂ ਰੇਤਾ ਨਾ ਕੱਢਿਆ ਗਿਆ ਤਾਂ ਜ਼ਮੀਨ ਪੱਥਰ ਬਣ ਜਾਵੇਗੀ ਜੋ ਕਿ ਕਣਕ ਬੀਜਣ ਲਈ ਖ਼ਤਰਨਾਕ ਹੈ। ਇਸ ਲਈ ਸਾਰਿਆਂ ਨੂੰ ਐਮਰਜੈਂਸੀ ਵਾਂਗ ਹੜ੍ਹ-ਪ੍ਰਭਾਵਿਤ ਖੇਤਰਾਂ ਦੀ ਮੁੜ ਬਹਾਲੀ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ।

ਸਾਰੀਆਂ ਸੰਸਥਾਵਾਂ ਨੇ ਏਕਤਾ ਦਾ ਸਬੂਤ ਦਿੰਦਿਆਂ ਵਾਅਦਾ ਕੀਤਾ ਕਿ ਹੜ੍ਹ ਰਾਹਤ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਈ ਜਾਵੇਗੀ।