‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਪੰਜਾਬ ਵਿੱਚ ਭੇਜੇ ਗਏ ਵੈਂਟੀਲੇਟਰਾਂ ਦੇ ਇਸਤੇਮਾਲ ਨਾ ਕਰਨ ‘ਤੇ ਜਵਾਬ ਮੰਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਭੇਜੇ ਗਏ ਸਾਰੇ ਵੈਂਟੀਲੇਟਰ ਇਸਤੇਮਾਲ ਕਿਉਂ ਨਹੀਂ ਹੋ ਰਹੇ। ਕੇਂਦਰ ਸਰਕਾਰ ਨੇ ਪੰਜਾਬ ਵਿੱਚ ਕੁੱਲ 809 ਵੈਂਟੀਲੇਟਰ ਭੇਜੇ ਹਨ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਰਫ 558 ਵੈਂਟੀਲੇਟਰ ਹੀ ਇਸਤੇਮਾਲ ਕੀਤੇ ਜਾ ਰਹੇ ਹਨ, ਬਾਕੀ 251 ਵੈਂਟੀਲੇਟਰਾਂ ਦੀ ਬਰਬਾਦੀ ਕਿਉਂ ਕੀਤੀ ਜਾ ਰਹੀ ਹੈ।
ਕੇਂਦਰ ਸਰਕਾਰ ਨੇ ਚਿੱਠੀ ਵਿੱਚ ਕੀ ਲਿਖਿਆ
ਕੇਂਦਰੀ ਸਿਹਤ ਮੰਤਰਾਲੇ ਨੇ 11 ਅਪ੍ਰੈਲ ਨੂੰ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਇੱਕ ਪੱਤਰ ਲਿਖ ਕੇ ਸਵਾਲ ਕੀਤਾ ਸੀ ਕਿ ਪੰਜਾਬ ਵਿੱਚ ਭੇਜੇ ਗਏ 809 ਵੈਂਟੀਲੇਟਰਾਂ ਵਿੱਚੋਂ ਸਿਰਫ 558 ਵੈਂਟੀਲੇਟਰ ਹੀ ਇਸਤੇਮਾਲ ਕੀਤੇ ਜਾ ਰਹੇ ਹਨ, ਬਾਕੀ 251 ਵੈਂਟੀਲੇਟਰਾਂ ਦੀ ਪੰਜਾਬ ਦੇ ਹਸਪਤਾਲਾਂ ਵਿੱਚ ਇੰਸਟਾਲੇਸ਼ਨ ਹੋਣੀ ਬਾਕੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਮਹਾਂਮਾਰੀ ਦੌਰਾਨ ਐਮਰਜੈਂਸੀ ਵਿੱਚ ਸੂਬੇ ਨੂੰ ਵੈਂਟੀਲੇਟਰ ਮੁਹੱਈਆ ਕਰਵਾਏ ਹਨ। ਇਸ ਲਈ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਜਲਦ ਹੀ ਵੈਂਟੀਲੇਟਰਾਂ ਦੀ ਇੰਸਟਾਲੇਸ਼ਨ ਕੀਤੀ ਜਾਣੀ ਚਾਹੀਦੀ ਹੈ।