ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ ਵੱਲੋਂ ਲੰਮੇਂ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਹੁਣ ਮੋਦੀ ਕੈਬਨਿਟ ਨੇ ਪੂਰਾ ਕਰਨ ਦਾ ਅਹਿਦ ਲੈ ਲਿਆ ਹ। ਅੱਜ ਸਵੇਰੇ 11 ਵਜੇ ਕੇਂਦਰੀ ਕੈਬਨਿਟ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਅਤੇ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਜਾਤੀ ਜਨਗਣਨਾ ਕਰਵਾਉਣ ਦਾ ਫੈਸਲਾ ਕਰ ਲਿਆ ਹੈ।
ਭਾਵ ਕਿ ਹੁਣ ਗਿਣਤੀ ਕੀਤੀ ਜਾਵੇਗੀ ਕਿ ਦੇਸ਼ ‘ਚ ਕਿਸ ਜਾਤੀ ਦੇ ਕਿੰਨੇ ਲੋਕ ਰਹਿੰਦੇ ਨੇ ? ਜਿਕਰੇਖਾਸ ਹੈ ਕਿ ਰਾਹੁਲ ਗਾਂਧੀ ਜਾਤੀ ਜਨਗਣਨਾ ਕਰਵਾਉਣ ਤੇ ਇਸ ਕਰਕੇ ਜ਼ੋਰ ਦੇ ਰਹੇ ਸੀ ਕਿ ਪਤਾ ਲੱਗ ਸਕੇ ਕਿ ਕਿਸ ਭਾਈਚਾਰੇ ਦੀ ਕਿਸ ਖੇਤਰ ਚ ਕਿੰਨੀ ਭਾਗੀਦਾਰੀ ਬਣਦੀ ਹੈ ਅਤੇ ਕਿੰਨੀ ਉਹਨਾਂ ਨੂੰ ਮਿਲ ਰਹੀ ਹੈ।
ਕੇਂਦਰੀ ਰੇਲ ਮੰਤਰੀ ਵੈਸ਼ਨਵ ਨੇ ਕਿਹਾ ਕਿ 1947 ਤੋਂ ਬਾਅਦ ਜਾਤੀ ਜਨਗਣਨਾ ਨਹੀਂ ਕੀਤੀ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਜਾਤੀ ਜਨਗਣਨਾ ਬਾਰੇ ਗੱਲ ਕੀਤੀ ਸੀ। ਕਾਂਗਰਸ ਨੇ ਜਾਤੀ ਜਨਗਣਨਾ ਦੇ ਮੁੱਦੇ ਨੂੰ ਸਿਰਫ਼ ਆਪਣੇ ਫਾਇਦੇ ਲਈ ਵਰਤਿਆ ਹੈ ਅਤੇ ਜਾਤੀ ਜਨਗਣਨਾ ਸਿਰਫ਼ ਇੱਕ ਕੇਂਦਰੀ ਵਿਸ਼ਾ ਹੈ। ਕੁਝ ਰਾਜਾਂ ਨੇ ਇਹ ਕੰਮ ਸੁਚਾਰੂ ਢੰਗ ਨਾਲ ਕੀਤਾ ਹੈ। ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਸਮਾਜਿਕ ਤਾਣਾ-ਬਾਣਾ ਪ੍ਰਭਾਵਿਤ ਨਾ ਹੋਵੇ। ਮੋਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਾਤੀ ਜਨਗਣਨਾ ਨੂੰ ਮੁੱਢਲੀ ਜਨਗਣਨਾ ਵਿੱਚ ਸ਼ਾਮਲ ਕੀਤਾ ਜਾਵੇਗਾ।