India

ਰੇਲਵੇ ਮੁਲਾਜਮਾਂ ਦੀ ਸਿਹਤ ਲਈ ਫਿਕਰਮੰਦ ਹੋਈ ਕੇਂਦਰ ਸਰਕਾਰ, ਜਲਦ ਹੋਵੇਗਾ ਸਿਹਤ ਬੀਮਾ!

‘ਦ ਖ਼ਾਲਸ ਬਿਊਰੋ:- ਰੇਲਵੇ ਆਪਣੇ 13 ਲੱਖ ਕਰਮਚਾਰੀਆਂ ਨੂੰ ਸਿਹਤ ਬੀਮਾ ਯੋਜਨਾ ਪ੍ਰਦਾਨ ਕਰ ਸਕਦਾ ਹੈ। ਰੇਲਵੇ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਪਣੇ ਕਰਮਚਾਰੀਆਂ ਤੇ ਉਨ੍ਹਾਂ ‘ਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ‘ਰੇਲਵੇ ਕਰਮਚਾਰੀ ਲਿਬਰਲਾਈਜ਼ਡ ਸਿਹਤ ਯੋਜਨਾ’  ਤੇ ‘ਕੇਂਦਰ ਸਰਕਾਰ ਦੀ ਸਿਹਤ ਸੇਵਾਵਾਂ’ ਰਾਹੀਂ ਡਾਕਟਰੀ ਸਿਹਤ ਸਹੂਲਤਾਂ ਦੇ ਰਹੀ ਹੈ।

ਰੇਲਵੇ ਨੇ ਇੱਕ ਬਿਆਨ ‘ਚ ਕਿਹਾ ਕਿ “ਭਾਰਤੀ ਰੇਲਵੇ ਹੁਣ ਰੇਲਵੇ ਕਰਮਚਾਰੀਆਂ ਦੇ ਡਾਕਟਰੀ ਇਲਾਜ ਦੇ ਦਾਇਰੇ ਨੂੰ ਵਧਾਉਣ ਦਾ ਪ੍ਰਸਤਾਵ ਦੇ ਰਿਹਾ ਹੈ।” ਰੇਲਵੇ ਕਰਮਚਾਰੀਆਂ ਲਈ ‘ਵਿਆਪਕ ਸਿਹਤ ਬੀਮਾ ਯੋਜਨਾ’ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ। ਭਾਰਤੀ ਰੇਲਵੇ ਨੇ ਜ਼ੋਨਲ ਰੇਲਵੇ ਤੇ ਉਤਪਾਦਨ ਇਕਾਈਆਂ ਦੇ ਸਾਰੇ ਜਨਰਲ ਮੈਨੇਜਰਾਂ ਨੂੰ ਇਸ ਪ੍ਰਸਤਾਵ ‘ਤੇ ਆਪਣੇ ਵਿਚਾਰਾਂ/ਸੁਝਾਵਾਂ ਲਈ ਬੇਨਤੀ ਕੀਤੀ ਹੈ।

ਭਾਰਤੀ ਰੇਲਵੇ ਵਿੱਚ 586 ਸਿਹਤ ਯੂਨਿਟਸ, 45 ਉਪ-ਵਿਭਾਗੀ ਹਸਪਤਾਲ, 56 ਮੰਡਲ ਹਸਪਤਾਲ, ਅੱਠ ਉਤਪਾਦਨ ਇਕਾਈਆਂ ਦੇ ਹਸਪਤਾਲ ਤੇ 16 ਜ਼ੋਨਲ ਹਸਪਤਾਲ ਹਨ। ਦੇਸ਼ ਭਰ ਵਿੱਚ 2500 ਤੋਂ ਵੱਧ ਡਾਕਟਰ ਤੇ 35,000 ਤੋਂ ਵੱਧ ਪੈਰਾ ਮੈਡਿਟ ਸਟਾਫ ਹਨ।

ਕੋਰੋਨਾ ਮਹਾਂਮਾਰੀ ਦੌਰਾਨ ਰੇਲਵੇ ਨੇ ਦੇਸ਼ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ 6,500 ਤੋਂ ਵੱਧ ਹਸਪਤਾਲ ਦੇ ਬਿਸਤਰੇ ਸਮਰਪਿਤ ਕੀਤੇ ਹਨ। ਦੇਸ਼ ਵਿੱਚ ਕੋਰੋਨਾਵਾਇਰਸ ਦੀਆਂ ਸਥਿਤੀਆਂ ਕਰਕੇ ਰੇਲ ਗੱਡੀਆਂ ਦਾ ਸੰਚਾਲਨ ਘੱਟ ਗਿਆ ਹੈ।