ਬਿਊਰੋ ਰਿਪੋਰਟ (ਨਵੀਂ ਦਿੱਲੀ, 31 ਦਸੰਬਰ 2025): ਕੇਂਦਰ ਸਰਕਾਰ ਨੇ ਦਰਦ ਨਿਵਾਰਕ ਦਵਾਈ ‘ਨਾਇਮੇਸੁਲਾਈਡ’ (Nimesulide) ਨੂੰ ਲੈ ਕੇ ਇੱਕ ਅਹਿਮ ਅਤੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 100 mg ਤੋਂ ਵੱਧ ਦੀ ਸਮਰੱਥਾ ਵਾਲੀਆਂ ਨਾਇਮੇਸੁਲਾਈਡ ਦੀਆਂ ਓਰਲ (ਮੂੰਹ ਰਾਹੀਂ ਲੈਣ ਵਾਲੀਆਂ) ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ ’ਤੇ ਮੁਕੰਮਲ ਰੋਕ ਲਗਾ ਦਿੱਤੀ ਹੈ।
ਪਾਬੰਦੀ ਦਾ ਕਾਰਨ
ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਇਹ ਦਵਾਈ ਸਿਹਤ ਲਈ ਗੰਭੀਰ ਰੂਪ ਵਿੱਚ ਨੁਕਸਾਨਦਾਇਕ ਹੋ ਸਕਦੀ ਹੈ। ਮਾਹਿਰਾਂ ਦੀ ਰਾਏ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਬਾਜ਼ਾਰ ਵਿੱਚ ਇਸ ਦਵਾਈ ਦੇ ਹੋਰ ਸੁਰੱਖਿਅਤ ਬਦਲ (Alternatives) ਪਹਿਲਾਂ ਹੀ ਮੌਜੂਦ ਹਨ, ਇਸ ਲਈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਬੰਦ ਕਰਨਾ ਜ਼ਰੂਰੀ ਹੈ।
ਕਾਨੂੰਨੀ ਕਾਰਵਾਈ
ਇਹ ਪਾਬੰਦੀ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੇ ਤਹਿਤ ਲਗਾਈ ਗਈ ਹੈ। ਇਸ ਹੁਕਮ ਤੋਂ ਬਾਅਦ ਹੁਣ ਕੋਈ ਵੀ ਕੰਪਨੀ 100 mg ਤੋਂ ਉੱਪਰ ਵਾਲੀ ਨਾਇਮੇਸੁਲਾਈਡ ਤਿਆਰ ਜਾਂ ਸਪਲਾਈ ਨਹੀਂ ਕਰ ਸਕੇਗੀ।

