India

ਕੇਂਦਰ ਸਰਕਾਰ ਨੇ ਗੰਨੇ ਦੇ ਮੁੱਲ ਵਿੱਚ 5 ਰੁਪਏ ਪ੍ਰਤੀ ਕੁਇੰਟਲ ਕੀਤਾ ਵਾਧਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰੀ ਮੰਤਰੀ ਮੰਡਲ ਨੇ 10 ਪ੍ਰਤੀਸ਼ਤ ਰਿਕਵਰੀ ਦੇ ਆਧਾਰ ‘ਤੇ ਗੰਨੇ’ ਦੇ ਮੁੱਲ ਵਿੱਚ 5 ਰੁਪਏ ਦਾ ਵਾਧਾ ਕਰਦਿਆਂ ਪ੍ਰਤੀ ਕਵਿੰਟਲ ਕੀਮਤ 290 ਰੁਪਏ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ ਕਿ ਗੰਨੇ ‘ਤੇ ਅਦਾ ਕੀਤੀ ਜਾਣ ਵਾਲੀ ਵਾਜਬ ਅਤੇ ਲਾਭਦਾਇਕ ਕੀਮਤ (ਐਫਆਰਪੀ) ਨੂੰ ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇਗਾ ਜੋ ਕਿ 10 ਪ੍ਰਤੀਸ਼ਤ ਰਿਕਵਰੀ ‘ਤੇ ਅਧਾਰਤ ਹੋਵੇਗਾ।

ਕੇਂਦਰ ਨੇ ਅਗਸਤ 2020 ਵਿੱਚ ਐਫਆਰਪੀ ਵਿੱਚ 10 ਰੁਪਏ ਦਾ ਵਾਧਾ ਕੀਤਾ ਸੀ, ਜਿਸ ਨਾਲ ਇਹ ਰਕਮ 285 ਰੁਪਏ ਪ੍ਰਤੀ ਕੁਇੰਟਲ ਹੋ ਗਈ ਸੀ। ਇਸੇ ਤਰ੍ਹਾਂ 2019-2020 ਵਿੱਚ ਸਰਕਾਰ ਨੇ ਗੰਨੇ ਦੀ FRP 275 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਸੀ।

ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਬਹੁਤ ਸਾਰੇ ਕਿਸਾਨਾਂ ਨੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ, ਵੱਡੇ ਪੱਧਰ ‘ਤੇ ਨਵੀਆਂ ਪ੍ਰਥਾਵਾਂ ਸ਼ੁਰੂ ਕਰਕੇ ਆਪਣੀ ਰਿਕਵਰੀ ਵਿੱਚ ਵਾਧਾ ਕੀਤਾ ਹੈ। ਸਾਡੇ ਦੇਸ਼ ਵਿੱਚ ਰਿਕਵਰੀ ਵਿੱਚ ਵੀ ਸੁਧਾਰ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਨਿਰਯਾਤ ਇੱਕ ਰਿਕਾਰਡ ਉੱਚ ਪੱਧਰ ‘ਤੇ ਸੀ। ਸਾਡੇ ਦੇਸ਼ ਨੇ 70 ਲੱਖ ਟਨ ਗੰਨੇ ਦੀ ਬਰਾਮਦ ਕਰਨ ਦੇ ਸਮਝੌਤੇ ਕੀਤੇ ਹਨ, ਜਿਨ੍ਹਾਂ ਵਿੱਚੋਂ 55 ਲੱਖ ਟਨ ਪਹਿਲਾਂ ਹੀ ਨਿਰਯਾਤ ਕੀਤੇ ਜਾ ਚੁੱਕੇ ਹਨ ਅਤੇ ਬਾਕੀ 15 ਲੱਖ ਟਨ ਪਾਈਪਲਾਈਨ ਵਿੱਚ ਹਨ।