Punjab

ਕਿਸਾਨਾਂ ਨੂੰ ਸਿੱਧੀ ਪੇਮੈਂਟ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨਾਲ ਪੰਜਾਬ ਦੀ ਫਸੀ ਘੁੰਢੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਕਿਸਾਨਾਂ ਨੂੰ ਕਣਕ ਦੀ ਸਿੱਧੀ ਅਦਾਇਗੀ ਕਰਨ ਦੇ ਮਾਮਲੇ ’ਤੇ ਪੂਰੀ ਤਰ੍ਹਾਂ ਅੜ ਗਈ ਹੈ। ਪੰਜਾਬ ਦੇ ਖੇਤੀ ਮਾਹਿਰਾਂ ਅਨੁਸਾਰ ਕੇਂਦਰ ਦੀ ਇਸ ਅੜੀ ਮੂਹਰੇ ਪਲਾਨ-ਬੀ ਤਿਆਰ ਕਰਨਾ ਦੀ ਤਿਆਰੀ ਕਰਨੀ ਪਵੇਗੀ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਫਸਲ ਦੀ ਪੇਮੈਂਟ ਪੁਰਾਣੇ ਤਰੀਕੇ ਨਾਲ ਕਰਨ ਦੀ ਤਿਆਰੀ ਵਿੱਚ ਹੈ। 

ਪੰਜਾਬ ’ਚ 10 ਅਪਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਕੇਂਦਰੀ ਜ਼ਿੱਦ ਨੂੰ ਦੇਖਦਿਆਂ ਜਿਣਸ ਦੀ ਸਿੱਧੀ ਅਦਾਇਗੀ ਲਈ ਸਾਫਟਵੇਅਰ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਕੇਂਦਰੀ ਖ਼ੁਰਾਕ ਮੰਤਰੀ ਪਿਊਸ਼ ਗੋਇਲ ਦਰਮਿਆਨ ਸਿੱਧੀ ਅਦਾਇਗੀ ਦੇ ਮਾਮਲੇ ’ਤੇ ਵੀਡੀਓ ਕਾਨਫਰੰਸ ਵੀ ਹੋਈ ਜਿਸ ’ਚ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ।

ਕੇਂਦਰੀ ਖ਼ੁਰਾਕ ਮੰਤਰੀ ਇਸ ਗੱਲ ’ਤੇ ਬਜ਼ਿੱਦ ਹਨ ਕਿ ਜਦੋਂ ਬਾਕੀ ਸਭ ਸੂਬਿਆਂ ਨੇ ਸਿੱਧੀ ਅਦਾਇਗੀ ਸ਼ੁਰੂ ਕਰ ਦਿੱਤੀ ਹੈ ਤਾਂ ਇਕੱਲੇ ਪੰਜਾਬ ਲਈ ਨਿਯਮ ਨਹੀਂ ਬਦਲਿਆ ਜਾ ਸਕਦਾ। ਉਨ੍ਹਾਂ ਹਵਾਲਾ ਦਿੱਤਾ ਕਿ ਪਹਿਲਾਂ ਸਿੱਧੀ ਅਦਾਇਗੀ ਲਈ ਇੱਕ ਸਾਲ ਦਾ ਸਮਾਂ ਮੰਗਿਆਂ ਹੈ। ਉਸ ਮਗਰੋਂ ਕੋਵਿਡ- 19 ਮਹਾਮਾਰੀ ਦੌਰਾਨ ਵੀ ਕੇਂਦਰ ਨੇ ਨਵੀਂ ਪ੍ਰਣਾਲੀ ਪੰਜਾਬ ’ਚ ਲਾਗੂ ਕਰਨ ’ਚ ਨਰਮੀ ਦਿਖਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਨੂੰ ਸਿਵਲ ਸਕੱਤਰੇਤ ’ਚ ਆੜ੍ਹਤੀਆਂ ਅਤੇ ਅਧਿਕਾਰੀਆਂ ਦੀ ਮੀਟਿੰਗ ਵੀ ਸੱਦੀ ਹੈ।