Punjab

ਪੰਜਾਬ ‘ਤੇ ਕੇਂਦਰ ਨੇ ਪਾਇਆ ਨਵਾਂ ਬੋਝ, ਮੋਦੀ ਸਰਕਾਰ ਨੇ ਵਧਾਏ ਨਰਮੇ ਦੇ ਬੀਟੀ ਬੀਜਾਂ ਦੇ ਭਾਅ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਨੇ ਨਰਮੇ ਦੇ ਬੀਟੀ ਬੀਜਾਂ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ। ਇਸ ਨਾਲ ਪੰਜਾਬ ਦੇ ਕਿਸਾਨਾਂ ’ਤੇ ਕੋਈ ਛੇ ਕਰੋੜ ਰੁਪਏ ਦਾ ਨਵਾਂ ਬੋਝ ਪਵੇਗਾ। ਜਾਣਕਾਰੀ ਅਨੁਸਾਰ ਕੇਂਦਰੀ ਖੇਤੀ ਮੰਤਰਾਲੇ ਨੇ ਇਹ ਵਾਧਾ ਵੀ ਹੁਣ ਚੁੱਪ-ਚੁਪੀਤੇ ਕੀਤਾ ਹੈ। ਹਰਿਆਣਾ ਦੇ ਕਿਸਾਨਾਂ ’ਤੇ ਨਵੇਂ ਵਾਧੇ ਨਾਲ ਕਰੀਬ 13 ਕਰੋੜ 61 ਲੱਖ ਰੁਪਏ ਦਾ ਭਾਰ ਵਧੇਗਾ।। ਖੇਤੀ ਵਿਭਾਗ ਪੰਜਾਬ ਵੱਲੋਂ ਐਤਕੀਂ 31 ਬੀਜ ਕੰਪਨੀਆਂ ਨੂੰ 86 ਹਾਈਬ੍ਰਿਡ ਕਿਸਮਾਂ ਲਈ ਪ੍ਰਵਾਨਗੀ ਵੀ ਦਿੱਤੀ ਗਈ ਹੈ।

ਕੇਂਦਰੀ ਖੇਤੀ ਮੰਤਰਾਲੇ ਵੱਲੋਂ ਕਾਟਨ ਸੀਡ ਪ੍ਰਾਈਸ (ਕੰਟਰੋਲ) ਆਰਡਰ 2015 ਤਹਿਤ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ, ਇਸ ਨਾਲ ਬੀਟੀ ਬੀਜ ਦੇ ਪੈਕਟ ਦੀ ਕੀਮਤ 767 ਰੁਪਏ ਮਿੱਥੀ ਗਈ ਹੈ ਜਦਕਿ ਪਿਛਲੇ ਵਰ੍ਹੇ ਇਸ ਦੀ ਕੀਮਤ 730 ਰੁਪਏ ਸੀ। ਹੁਣ ਪ੍ਰਤੀ ਪੈਕਟ 37 ਰੁਪਏ ਜ਼ਿਆਦਾ ਦੇਣੇ ਪੈਣਗੇ। ਖੇਤੀ ਮਾਹਿਰਾਂ ਅਨੁਸਾਰ ਪ੍ਰਤੀ ਹੈਕਟੇਅਰ ’ਚ ਪੰਜ ਪੈਕਟ ਬੀਟੀ ਬੀਜ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਿਸਾਨਾਂ ਨੂੰ ਹੁਣ ਪ੍ਰਤੀ ਹੈਕਟੇਅਰ ਲਈ ਬੀਟੀ ਬੀਜ ’ਤੇ 3835 ਰੁਪਏ ਖ਼ਰਚਣੇ ਪੈਣਗੇ।


ਜਾਣਕਾਰੀ ਅਨੁਸਾਰ ਪੰਜਾਬ ਵਿੱਚ ਨਵੇਂ ਵਾਧੇ ਨਾਲ ਕਰੀਬ 125 ਕਰੋੜ ਦੇ ਬੀਟੀ ਬੀਜਾਂ ਦਾ ਕਾਰੋਬਾਰ ਹੋਵੇਗਾ। ਖੇਤੀ ਵਿਭਾਗ ਵੱਲੋਂ ਇਸ ਵਾਰ ਪੰਜਾਬ ’ਚ 3 ਲੱਖ 25 ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਟੀਚਾ ਤੈਅ ਕੀਤਾ ਗਿਆ ਹੈ, ਜਿਸ ਲਈ ਬੀਟੀ ਬੀਜ ਦੇ ਕਰੀਬ 16 ਲੱਖ 25 ਹਜਾਰ ਪੈਕਟਾਂ ਦੀ ਲੋੜ ਪਵੇਗੀ। ਖੇਤੀ ਵਿਭਾਗ ਨੇ ਕਰੀਬ 26 ਲੱਖ ਬੀਟੀ ਬੀਜ ਦੇ ਪੈਕਟਾਂ ਦਾ ਇੰਤਜ਼ਾਮ ਕੀਤਾ ਹੈ। ਉੱਧਰ ਹਰਿਆਣਾ ’ਚ 7 ਲੱਖ 36 ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਦਾ ਅਨੁਮਾਨ ਹੈ ਅਤੇ ਹਰਿਆਣਾ ’ਚ ਨਵੇਂ ਵਾਧੇ ਨਾਲ ਕਰੀਬ 13 ਕਰੋੜ 61 ਲੱਖ ਰੁਪਏ ਦਾ ਕਿਸਾਨਾਂ ਨੂੰ ਵੱਧੂ ਖਰਚ ਚੁੱਕਣਾ ਪਵੇਗਾ।

ਕੇਂਦਰ ਸਰਕਾਰ ਖੁੰਦਕ ਕੱਢ ਰਹੀ ਕਿਸਾਨਾਂ ਨਾਲ: ਰਾਜੇਵਾਲ

ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਉਲਟ ਫੈਸਲੇ ਲੈ ਰਹੀ ਹੈ। ਇਹ ਵਾਧਾ ਵੀ ਕਿਸਾਨਾਂ ਨਾਲ ਖੁੰਦਕ ਕੱਢਣ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਬੀਜ ਕੰਪਨੀਆਂ ਦਾ ਗਲਬਾ ਵਧ ਰਿਹਾ ਹੈ ਅਤੇ ਇਨ੍ਹਾਂ ਕੰਪਨੀਆਂ ਲਈ ਹੀ ਕੇਂਦਰ ਕੰਮ ਕਰ ਰਿਹਾ ਹੈ।