‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਨੂੰ ਚਲਾਉਣ ਦਾ ਫੈਸਲਾ ਕਰਨ ਤੋਂ ਬਾਅਦ ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਮਾਲ ਗੱਡੀਆਂ ਸਮੇਤ ਸਾਰੀਆਂ ਗੱਡੀਆਂ ਨੂੰ ਸੂਬੇ ਵਿੱਚ ਅਗਲੇ ਹੁਕਮਾਂ ਤੱਕ ਚਲਾਉਣ ਤੋਂ ਬੰਦ ਕਰ ਦਿੱਤਾ ਹੈ। ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ 22 ਅਕਤੂਬਰ ਤੋਂ ਮਾਲ ਗੱਡੀਆਂ ਚਲਾਉਣ ਦੀ ਹਰੀ ਝੰਡੀ ਦਿੱਤੀ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 23 ਅਕਤੂਬਰ ਨੂੰ ਬਣਾਂਵਾਲਾ ਥਰਮਲ ਪਲਾਂਟ ਨੂੰ ਜਾਂਦੇ ਰਾਹ ਰੋਕ ਲਏ ਗਏ ਸਨ ਅਤੇ 24 ਅਕਤੂਬਰ ਨੂੰ ਰਾਜਪੁਰਾ ਥਰਮਲ ਦਾ ਰਸਤਾ ਬੰਦ ਕਰ ਦਿੱਤਾ ਗਿਆ ਸੀ।
ਉੱਤਰੀ ਰੇਲਵੇ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਅਗਲੇ ਹੁਕਮਾਂ ਤੱਕ ਰੋਕੀ ਗਈ ਹੈ। ਇਹ ਰੇਲ ਗੱਡੀਆਂ ਰੋਕਣ ਲਈ ਹੁਣ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਣ ਲੱਗਾ ਹੈ। ਉੱਤਰੀ ਰੇਲਵੇ ਨੇ ਇਹ ਫੈਸਲਾ ਲਿਆ ਹੈ ਕਿ ਮਾਲ ਗੱਡੀਆਂ ਦੀ ਸਾਰੀ ਆਵਾਜਾਈ ਉਦੋਂ ਹੀ ਸੰਭਵ ਹੋਵੇਗੀ, ਜਦੋਂ ਸਵਾਰੀ ਗੱਡੀਆਂ ਲਈ ਵੀ ਕਿਸਾਨ ਧਿਰਾਂ ਸਹਿਮਤ ਹੋਣਗੀਆਂ। ਇਸ ਦੌਰਾਨ ਹੀ ਮਾਨਸਾ ਸਥਿਤ ਸਟੇਸ਼ਨ ਮਾਸਟਰ ਆਰਕੇ ਮੀਨਾ ਨੇ ਦੱਸਿਆ ਕਿ ਮਾਲ ਗੱਡੀਆਂ ਨੂੰ ਪਿੱਛੋਂ ਹੀ ਬੰਦ ਕਰ ਦਿੱਤਾ ਗਿਆ ਹੈ।