Punjab

ਕੇਂਦਰ ਵੱਲੋਂ ਸਸਪੈਂਡ ਆਈਜੀ ਉਮਰਾਨੰਗਲ ਨੂੰ ਢੁੱਕਵੀਂ ਸੁਰੱਖਿਆ ਦੇਣ ਦਾ ਹੁਕਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਸਪੈਂਡ ਕੀਤੇ ਗਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਢੁੱਕਵੀਂ ਸੁਰੱਖਿਆ ਦੇਣ ਦੀ ਸਿਫਾਰਸ਼ ਕੀਤੀ ਹੈ। ਜਾਣਕਾਰੀ ਮੁਤਾਬਿਕ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਮਰਾਨੰਗਲ ਨੇ ਉਸ ਪਰਿਵਾਰ ਨੂੰ ਗਰਮ ਖਿਆਲੀਆਂ ਤੋਂ ਖਤਰਾ ਹੈ। ਦੱਸ ਦਈਏ ਕਿ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਮਾਮਲੇ ਦੇ ਮੁੱਖ ਮੁਲਜ਼ਮ ਉਮਰਾਨੰਗਲ ਨੇ ਕੇਂਦਰ ਸਰਕਾਰ ਤੋਂ ਸੁਰੱਖਿਆ ਮੰਗੀ ਸੀ ਕਿ ਉਸਨੂੰ ਗਰਮ ਖ਼ਿਆਲੀ ਸਿੱਖਾਂ ਤੋਂ ਆਪਣੀ ਜਾਨ ਨੂੰ ਖਤਰਾ ਹੈ।

ਗ੍ਰਹਿ ਮੰਤਰਾਲੇ ਨੇ ਉਮਰਾਨੰਗਲ ਦੀ ਸੁਰੱਖਿਆ ਦਾ ਮਾਮਲਾ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਵਿਚਾਰਿਆ ਹੈ। ਇਨ੍ਹਾਂ ਮੁਤਾਬਿਕ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਉਮਰਾਨੰਗਲ ਦਾ ਪਰਿਵਾਰ ਖਾੜਕੂਆਂ ਦੇ ਨਿਸ਼ਾਨੇ ’ਤੇ ਰਿਹਾ ਸੀ। ਉਮਰਾਨੰਗਲ ਦੇ ਪਿਤਾ 1987 ਵਿੱਚ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਖਾੜਕੂਆਂ ਹੱਥੋਂ ਮਾਰੇ ਗਏ ਸਨ ਤੇ 1988 ਵਿੱਚ ਉਮਰਾਨੰਗਲ ਦੇ ਜੱਦੀ ਘਰ ’ਤੇ ਵੀ ਹਮਲਾ ਹੋਇਆ ਸੀ।

ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਉਮਰਾਨੰਗਲ ਤੇ ਹੋਰ ਪੁਲਿਸ ਅਫਸਰਾਂ ਨੂੰ ਸਿੱਖਾਂ ’ਤੇ ਜ਼ਿਆਦਤੀਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਉਮਰਾਨੰਗਲ ਤੇ ਉਸ ਦੇ ਪਰਿਵਾਰ ਨੂੰ ਖ਼ਤਰੇ ਦੀ ਗੰਭੀਰਤਾ ਨੂੰ ਦੇਖਦਿਆਂ ਢੁੱਕਵੀਂ ਸੁਰੱਖਿਆ ਮੁਹੱਈਆ ਕਰਾਈ ਜਾਵੇ।