ਬਿਉਰੋ ਰਿਪੋਰਟ – ਕੰਗਨਾ ਰਣੌਤ (KANGNA RANAUT) ਦੀ ਫਿਲਮ ਐਮਰਜੈਂਸੀ (FILM EMERGENCY) ਨੂੰ ਲੈਕੇ ਸੈਂਸਰ ਬੋਰਡ (CENSOR BOARD) ਨੇ ਪੰਜਾਬ ਹਰਿਆਣਾ ਹਾਈਕੋਰਟ (PUNJAB HARYANA HIGH COURT) ਵਿੱਚ ਆਪਣਾ ਜਵਾਬ ਦਾਖਲ ਕੀਤਾ ਹੈ । ਜਿਸ ਵਿੱਚ ਕਿਹਾ ਗਿਆ ਹੈ ਕਿ ਫਿਲਮ ਨੂੰ ਹੁਣ ਤੱਕ ਸਰਟਿਫਿਕੇਟ ਨਹੀਂ ਦਿੱਤਾ ਗਿਆ ਹੈ । ਬੋਰਡ ਨੇ ਕਿਹਾ ਸਾਰੇ ਧਰਮਾਂ ਦੀਆਂ ਭਾਵਨਾਵਾਂ ਨੂੰ ਹੀ ਧਿਆਨ ਵਿੱਚ ਰੱਖ ਕੇ ਫੈਸਲਾ ਲਿਆ ਜਾਵੇਗਾ । ਸਾਫ ਹੈ ਬੀਤੇ ਦਿਨ ਕੰਗਨਾ ਰਣੌਤ ਨੇ ਵੀ ਕਿਹਾ ਸੀ ਕਿ ਉਨ੍ਹਾਂ ਦੀ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਸਰਟਿਫਿਕੇਟ ਨਹੀਂ ਮਿਲਿਆ ਹੈ ਕਿਉਂਕਿ ਬੋਰਡ ਨੂੰ ਧਮਕੀ ਦਿੱਤੀ ਜਾ ਰਹੀ ਹੈ । ਇਸ ਮਾਮਲੇ ਵਿੱਚ SGPC ਅਤੇ ਹੋਰ ਸਿੱਖ ਜਥੇਬੰਦੀਆਂ ਨੇ ਸੈਂਸਰ ਬੋਰਡ ਨੂੰ ਸ਼ਿਕਾਇਤ ਕੀਤੀ ਸੀ। ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਈਮਾਨ ਸਿੰਘ ਖਾਰਾ ਵੱਲੋਂ ਪਾਈ ਗਈ ਸੀ ।
ਵਕੀਲ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਹੁਣ ਇਹ ਤੈਅ ਹੋ ਗਿਆ ਹੈ ਕਿ ਜਦੋਂ ਤੱਕ ਸੈਂਸਰ ਬੋਰਡ ਇਸ ਨੂੰ ਸਰਟਿਫਿਕੇਟ ਨਹੀਂ ਦਿੰਦਾ ਹੈ ਤਾਂ ਤੱਕ ਫਿਲਮ ਰਿਲੀਜ਼ ਨਹੀਂ ਹੋਵੇਗੀ । ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਸੈਂਸਰ ਬੋਰਡ ਨੂੰ ਰਿਵਿਊ ਦੇ ਲਈ ਅਪੀਲ ਵੀ ਦੇ ਸਕਦੇ ਹਨ । ਜੇਕਰ ਇਸ ਦੇ ਬਾਵਜੂਦ ਪਟੀਸ਼ਨਕਰਤਾ ਦੇ ਹੱਕ ਵਿੱਚ ਫੈਸਲਾ ਨਹੀਂ ਆਉਂਦਾ ਤਾਂ ਮੁੜ ਤੋਂ ਹਾਈਕੋਰਟ ਦਾ ਰੁੱਖ ਕੀਤਾ ਜਾ ਸਕਦਾ ਹੈ । ਇਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ।
ਉਧਰ ਕੰਗਨਾ ਦੀ ਫਿਲਮ ਐਰਮਜੈਂਸੀ ‘ਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਮੈਂ ਫਿਲਮ ਦਾ ਟ੍ਰੇਲਰ ਨਹੀਂ ਵੇਖਿਆ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਬਰਸੀਂ ‘ਤੇ ਪਹੁੰਚੇ ਜਾਖੜ ਨੇ ਕਿਹਾ ਮੁੜ ਤੋਂ ਐਮਰਜੰਸੀ ਵਰਗੇ ਹਾਲਾਤ ਬਣ ਰਹੇ ਹਨ ਜਿਸ ਦੇ ਖਿਲਾਫ ਬੇਅੰਤ ਸਿੰਘ ਨੇ ਆਪਣੀ ਕੁਰਬਾਨੀ ਦਿੱਤੀ ਸੀ ।
ਕਿਸਾਨਾਂ ‘ਤੇ ਦਿੱਤੇ ਕੰਗਨਾ ਦੇ ਬਿਆਨ ‘ਤੇ ਜਾਖੜ ਨੇ ਕਿਹਾ ਉਨ੍ਹਾਂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ,ਕਿਸਾਨਾਂ ਪ੍ਰਤੀ ਅਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ ਹੈ । ਬੀਜੇਪੀ ਨੇ ਕੰਗਨਾ ਦੇ ਬਿਆਨ ਦਾ ਨੋਟਿਸ ਵੀ ਲਿਆ ਹੈ।