Khaas Lekh Khalas Tv Special Poetry Punjab

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧੭॥

ਅੰਮ੍ਰਿਤਸਰ : ਅੱਜ ਸਾਹਿਬੇ ਕਮਾਲ, ਸਰਬੰਸ ਦਾਨੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੇਸ਼ ਅਤੇ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ ਤੇ ਗੁਰੂ ਘਰਾਂ ਨੂੰ ਪ੍ਰਕਾਸ਼ ਪੁਰਬ ਮੌਕੇ ਸੁੰਦਰ ਰੰਗ ਬਿਰੰਗੇ ਫੁੱਲਾਂ ਨਾਲ ਤੇ ਲਾਈਟਾਂ ਨਾਲ ਸਜਾਇਆ ਗਿਆ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਇਨਕਲਾਬੀ ਯੋਧੇ ਹੋਏ, ਜਿਨ੍ਹਾਂ ਨੇ ਹਥਿਆਰਬੰਦ ਖ਼ਾਲਸਾ-ਪੰਥ ਦੀ ਸਿਰਜਣਾ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਸਮੁੱਚੇ ਸਿੱਖ ਜਗਤ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮਨੁੱਖਤਾ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਪਟਨਾ ਸਾਹਿਬ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ ਅਤੇ ਇੱਥੇ ਹਰ ਸਾਲ ਗੁਰੂ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਪਟਨਾ ਸਾਹਿਬ ਵਿੱਚ ਜਨਮ

ਸਾਹਿਬ-ਏ-ਕਮਾਲ, ਨੀਲੇ ਘੋੜੇ ਦੇ ਸ਼ਾਹ ਸਵਾਰ, ਬਾਜਾਂ ਵਾਲੇ, ਕਲਗੀਧਰ, ਸਿੱਖਾਂ ਦੇ ਦਸਵੇਂ ਗੁਰੂ ਅਤੇ ਖ਼ਾਲਸੇ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 7 ਪੋਹ ਸਦੀ, 23 ਪੋਹ 1723 ਵਿਕਰਮੀ ਸੰਮਤ ਭਾਵ ਕਿ 22 ਦਸੰਬਰ 1666 ਨੂੰ ਬਿਹਾਰ ਦੇ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ 1950 ਵਿੱਚ ਬਣਾਇਆ ਗਿਆ ਸੀ। ਉਨ੍ਹਾਂ ਨੇ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਸਾਲ ਵੀ ਇੱਥੇ ਹੀ ਬਿਤਾਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੋਣ ਦੇ ਨਾਲ-ਨਾਲ ਪਟਨਾ ਨੂੰ ਗੁਰੂ ਨਾਨਕ ਦੇਵ ਜੀ ਅਤੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਕਾਰਨ ਵੀ ਸਿੱਖ ਧਰਮ ਵਿੱਚ ਹੋਰ ਮਾਨਤਾ ਮਿਲਦੀ ਹੈ।

ਸ਼ਾਸਤਰ ਵਿਦਿਆ ਵਿੱਚ ਧਨੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਦਿਆ ਦੇ ਨਾਲ-ਨਾਲ ਸ਼ਾਸਤਰ ਵਿਦਿਆ ਦੇ ਵੀ ਧਨੀ ਸਨ। ਦਸਮ ਪਾਤਸ਼ਾਹ ਨੇ ਫ਼ਾਰਸੀ ਦੇ ਨਾਲ-ਨਾਲ ਸੰਸਕ੍ਰਿਤ ਵੀ ਪੜ੍ਹੀ। ਗੁਰੂ ਸਾਹਿਬ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਵਿੱਚ ਗੁਰਬਾਣੀ ਲਿਖੀ। ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤਾਂ ਭਾਈ ਭੀਖਨ ਸ਼ਾਹ ਨੇ ਉਸ ਦਿਨ ਚੜ੍ਹਦੇ ਸੂਰਜ ਨੂੰ ਮੂੰਹ ਕਰਕੇ ਨਮਾਜ਼ ਅਦਾ ਕੀਤੀ ਅਤੇ ਇਹ ਜਾਣਨ ਲਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸ ਧਰਮ ਨਾਲ ਸਬੰਧਤ ਸਨ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਗਏ ਅਤੇ ਪੁੱਛਿਆ ਗੁਰੂ ਸਾਹਿਬ, “ਤੁਸੀਂ ਕਿਸ ਧਰਮ ਦੇ ਪੈਗੰਬਰ ਹੋ?” ਫਿਰ ਬਾਲ ਗੋਬਿੰਦ ਨੇ ਆਪਣੇ ਹੱਥ ਦੋਹਾਂ ਪਿਆਲਿਆਂ ‘ਤੇ ਰੱਖੇ। ਇਸ ਤੋਂ ਭੀਖਨ ਸ਼ਾਹ ਸਮਝ ਗਿਆ ਕਿ ਇਹ ਕੋਈ ਸਾਧਾਰਨ ਅਵਤਾਰ ਨਹੀਂ ਸੀ।

ਪਿਤਾ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ

ਸ਼ਸਤਰ ਵਿੱਦਿਆ ਦੇ ਨਾਲ-ਨਾਲ ਗੁਰੂ ਸਾਹਿਬ ਜੀ ਘੋੜ ਸਵਾਰੀ ਵਿੱਚ ਵੀ ਨਿਪੁੰਨ ਸਨ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਈ ਜੰਗਾਂ ਲੜੀਆਂ ਅਤੇ ਹਰ ਜੰਗ ਵਿੱਚ ਫ਼ਤਿਹ ਕੀਤੀ। ਗੁਰੂ ਸਾਹਿਬ ਜੀ ਦਾ ਇੱਕੋ-ਇੱਕ ਮਕਸਦ ਸੀ ਕਿ ਮਜ਼ਲੂਮਾਂ ਅਤੇ ਗਰੀਬਾਂ ਦੀ ਰੱਖਿਆ ਕਰਨਾ। ਇਸ ਦੇ ਲਈ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਤੱਕ ਨੂੰ ਕੁਰਬਾਨ ਕਰ ਦਿੱਤਾ। ਇਸ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਤੋਂ ਕੀਤੀ, ਜਦੋਂ ਔਰੰਗਜ਼ੇਬ ਨੇ ਕਸਮ ਖਾ ਰੱਖੀ ਸੀ ਕਿ ਉਹ ਪੂਰੇ ਮੂਲਕ ਨੂੰ ਮੁਸਲਮਾਨ ਬਣਾ ਦੇਵੇਗਾ ਤਾਂ ਕਸ਼ਮੀਰੀ ਪੰਡਿਤਾਂ ਦੀ ਅਰਜ਼ੋਈ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਹੀ ਛੋਟੀ ਉਮਰੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂਆਂ ਦੀ ਰਾਖੀ ਲਈ ਆਪਣੇ ਸੀਸ ਦਾ ਬਲੀਦਾਨ ਦੇਣ ਦੀ ਬੇਨਤੀ ਕੀਤੀ ਸੀ।

14 ਜੰਗਾਂ ਲੜੀਆਂ

ਗੁਰੂ ਜੀ ਨੇ ਕੇਵਲ 42 ਸਾਲ ਦੀ ਉਮਰ ’ਚ ਹਕੂਮਤੀ ਜਬਰ-ਜ਼ੁਲਮ ਦੇ ਨਾਲ 14 ਜੰਗਾਂ ਲੜੀਆਂ ਪਰ ਇੰਚ ਭਰ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ। ਇਨ੍ਹਾਂ ਜੰਗਾਂ ਦੌਰਾਨ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਗੁਰੂ-ਪ੍ਰਿਯਾ ਗੁਰਸਿੱਖ ਸ਼ਹੀਦ ਹੋਏ।

ਖਾਲਸਾ ਪੰਥ ਦੀ ਸਥਾਪਨਾ

13 ਅਪ੍ਰੈਲ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ, ਨਸਲ ਅਤੇ ਧਰਮ ਦੇ ਭੇਦਭਾਵ ਨੂੰ ਮਿਟਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਇੱਥੋਂ ਤੱਕ ਕਿਹਾ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ।

ਸਾਹਿਬਜ਼ਾਦਿਆਂ ਦੀ ਸ਼ਹਾਦਤ

ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਭਾਵੇਂ ਛੋਟਾ ਸੀ, ਪਰ ਉਨ੍ਹਾਂ ਦਾ ਜੀਵਨ ਘਟਨਾਵਾਂ ਨਾਲ ਭਰਪੂਰ ਸੀ। ਮਜ਼ਲੂਮਾਂ ਅਤੇ ਗਰੀਬਾਂ ਦੀ ਰੱਖਿਆ ਲਈ ਮੁਗਲ ਸਾਮਰਾਜ ਦਾ ਅੰਤ ਜ਼ਰੂਰੀ ਸੀ। ਗੁਰੂ ਸਾਹਿਬ ਨੇ ਮੁਗਲ ਸਾਮਰਾਜ ਨੂੰ ਖਤਮ ਕਰਨ ਲਈ ਆਪਣੇ ਸਰਬੰਸ ਕੁਰਬਾਨ ਵੀ ਕੀਤੇ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ ਫਤਹਿਗੜ੍ਹ ਸਾਹਿਬ ਵਿੱਚ ਸ਼ਹੀਦ ਹੋਏ।

ਮਾਧੋ ਦਾਸ ਬੈਰਾਗੀ ਨੂੰ ਬਣਾਇਆ ਬੰਦਾ ਸਿੰਘ ਬਹਾਦਰ

ਇਸ ਤੋਂ ਬਾਅਦ ਗੁਰੂ ਸਾਹਿਬ ਜੀ ਮੁਗਲਾਂ ਨਾਲ-ਨਾਲ ਲੜਦੇ-ਲੜਦੇ ਮਹਾਂਰਾਸ਼ਟਰ ਦੇ ਨਾਂਦੇੜ ਵੱਲ ਕੂਚ ਕਰ ਗਏ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਹਜ਼ੂਰ ਸਾਹਿਬ ਸਥਿਤ ਹੈ। ਇਸੇ ਸਫ਼ਰ ਦੌਰਾਨ ਗੁਰੂ ਸਾਹਿਬ ਜੀ ਨੇ ਮਾਧੋ ਦਾਸ ਬੈਰਾਗੀ ਨਾਂਅ ਦੇ ਸਾਧ ਨੂੰ ਗੁਰੂ ਕਾ ਖਾਲਸਾ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂਅ ਦੇ ਕੇ ਪੰਜਾਬ ਵੱਲ ਨੂੰ ਮੁਗਲਾਂ ਦਾ ਖ਼ਾਤਮਾ ਕਰਨ ਲਈ ਤੋਰਿਆ। ਹਜ਼ੂਰ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲਏ ਅਤੇ 7 ਦਸੰਬਰ 1708 ਨੂੰ ਜੋਤੀ ਜੋਤ ਸਮਾ ਗਏ।