‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਸਾਰੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਆਪਣੇ-ਆਪਣੇ ਪੱਧਰ ‘ਤੇ ਕਈ ਅਹਿਮ ਐਲਾਨ ਕਰ ਰਹੀਆਂ ਹਨ। ਕਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਹਰ ਕੋਈ ਆਪਣੇ ਪੱਧਰ ‘ਤੇ ਸਰਕਾਰਾਂ ਦਾ ਸਹਿਯੋਗ ਦੇ ਰਿਹਾ ਹੈ। ਇਸੇ ਤਹਿਤ ਸੀਬੀਐੱਸਈ ਵੀ ਅੱਗੇ ਆਈ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਕਰੋਨਾ ਖ਼ਿਲਾਫ਼ ਲੜਾਈ ਵਿੱਚ ਕੇਂਦਰ ਸਰਕਾਰ ਅਤੇ ਸਿਹਤ ਵਿਭਾਗ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਸੀਬੀਐੱਸਈ ਨੇ ‘ਯੰਗ ਵਾਰੀਅਰ’ ਮੁਹਿੰਮ ਸ਼ੁਰੂ ਕੀਤੀ ਹੈ।
ਕੀ ਹੈ ‘ਯੰਗ ਵਾਰੀਅਰ’ ਮੁਹਿੰਮ ?
- ਬੋਰਡ ਨੇ ਇਸ ਮੁਹਿੰਮ ਲਈ 18 ਤੋਂ 30 ਸਾਲ ਦੇ ਵਿਦਿਆਰਥੀਆਂ ਜਾਂ ਅਧਿਆਪਕਾਂ ਤੋਂ ਸਹਿਯੋਗ ਮੰਗਿਆ ਹੈ।
- ਇਸ ਮੁਹਿੰਮ ਦੇ ਤਹਿਤ ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇਗਾ।
- ਸੀਬੀਐੱਸਈ ਨੇ ਇਹ ਮੁਹਿੰਮ ਕੇਂਦਰੀ ਖੇਡ ਮੰਤਰਾਲਾ, ਕੇਂਦਰੀ ਸਿਹਤ ਮੰਤਰਾਲਾ, ਯੂਨੀਸੈੱਫ ਅਤੇ ਹੋਰ ਵਿਭਾਗਾਂ ਨਾਲ ਮਿਲ ਕੇ ਸ਼ੁਰੂ ਕੀਤੀ ਹੈ।
- ਇਸ ਮੁਹਿੰਮ ਨਾਲ 50 ਲੱਖ ਨੌਜਵਾਨਾਂ ਨੂੰ ਜੋੜਿਆ ਜਾਵੇਗਾ।
- ਇਹ ਵਿਦਿਆਰਥੀ ਅੱਗੇ ਪੰਜ ਕਰੋੜ ਲੋਕਾਂ ਨੂੰ ਆਪਣੇ ਦਾਇਰੇ ਹੇਠ ਲਿਆਉਣਗੇ।
- ਇਹ ਨੌਜਵਾਨ ਆਮ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਿਹਤ ਅਤੇ ਜ਼ਰੂਰੀ ਸੇਵਾਵਾਂ ਬਾਰੇ ਜਾਗਰੂਕ ਕਰਨਗੇ।
- ਕਰੋਨਾ ਟੀਕਾਕਰਨ ਦੀ ਰਜਿਸਟਰੇਸ਼ਨ ਵਿੱਚ ਸਹਿਯੋਗ ਕਰਨਗੇ।
- ਆਮ ਲੋਕਾਂ ਨੂੰ ਕਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਕਰਨਗੇ।
ਇਸ ਮੁਹਿੰਮ ਨਾਲ ਕਿਵੇਂ ਜੁੜੀਏ ?
ਇਸ ਮੁਹਿੰਮ ਨਾਲ ਜੁੜਨ ਲਈ ਮੋਬਾਈਲ ’ਤੇ ‘ਵਾਈ ਡਬਲਿਊ ਏ’ ਟਾਈਪ ਕਰ ਕੇ 096504-14141 ’ਤੇ ਭੇਜਣਾ ਪਵੇਗਾ ਜਾਂ 08066019225 ’ਤੇ ਮਿਸ ਕਾਲ ਦੇਣੀ ਪਵੇਗੀ। ਇਸ ਮੁਹਿੰਮ ਨਾਲ ਜੁੜਨ ਤੋਂ ਬਾਅਦ 10 ਹੋਰ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਸਕਦਾ ਹੈ।
ਕਿਹੜੀਆਂ ਭਾਸ਼ਾਵਾਂ ਵਿੱਚ ਹੋਵੇਗੀ ਇਹ ਮੁਹਿੰਮ
ਇਸ ਮੁਹਿੰਮ ਵਿੱਚ 10 ਖੇਤਰੀ ਭਾਸ਼ਾਵਾਂ ਵਿੱਚ ਸੇਵਾਵਾਂ ਮਿਲਣਗੀਆਂ। ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਭਰ ਵਿੱਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ 10 ਖੇਤਰੀ ਭਾਸ਼ਾਵਾਂ ਵਿੱਚ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲੇ ਵੀ ਵੱਡੀ ਗਿਣਤੀ ਵਿੱਚ ਲੋਕਾਂ ਕੋਲ ਮੋਬਾਈਲ ਨਹੀਂ ਹੈ। ਇਸ ਕਰ ਕੇ ਜਿਨ੍ਹਾਂ ਲੋਕਾਂ ਕੋਲ ਮੋਬਾਈਲ ਨਹੀਂ ਹਨ, ਉਨ੍ਹਾਂ ਨੂੰ ਕਮਿਊਨਿਟੀ ਰੇਡੀਓ ਨਾਲ ਜੋੜਿਆ ਜਾਵੇਗਾ। ਇਸ ਤੋਂ ਬਾਅਦ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਹਾਂ-ਪੱਖੀ ਸੰਦੇਸ਼ ਭੇਜੇ ਜਾਣਗੇ।