‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ, ਜਿਸ ਵਿਚ 92.71 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 12ਵੀਂ ਦੇ ਨਤੀਜਿਆਂ ਵਿੱਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 94.54 ਫੀਸਦੀ ਰਹੀ ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 91.25 ਫੀਸਦੀ ਰਹੀ ਹੈ। ਕੁੜੀਆਂ ਨੇ ਮੁੰਡਿਆਂ ਨਾਲੋਂ 3.29 ਫੀਸਦੀ ਵਧੀਆ ਪ੍ਰਦਰਸ਼ਨ ਕੀਤਾ ਹੈ। ਪ੍ਰੀਖਿਆ ਵਿੱਚ 33 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ, ਜਦਕਿ 1.34 ਲੱਖ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ।


ਵਿਦਿਆਰਥੀ ਆਪਣਾ ਨਤੀਜਾ results.cbse.nic.in ਜਾਂ cbse.gov.in ‘ਤੇ ਜਾ ਕੇ ਵੇਖ ਸਕਦੇ ਹਨ। ਪਹਿਲੀ ਵਾਰ ਅਕਾਦਮਿਕ ਸੈਸ਼ਨ 2021-22 ਲਈ ਬੋਰਡ ਦੀਆਂ ਪ੍ਰੀਖਿਆਵਾਂ ਦੋ ਸੈਸ਼ਨਾਂ ਵਿੱਚ ਹੋਈਆਂ। ਪਹਿਲੇ ਸੈਸ਼ਨ ਦੀ ਪ੍ਰੀਖਿਆ ਨੂੰ 30 ਫ਼ੀਸਦੀ ਦਾ ਮਹੱਤਵ ਅਤੇ ਦੂਜੇ ਸੈਸ਼ਨ ਦੀ ਪ੍ਰੀਖਿਆ ਨੂੰ 70 ਫ਼ੀਸਦੀ ਦਾ ਮਹੱਤਵ ਦਿੱਤਾ ਗਿਆ ਹੈ। ਪਿਛਲੇ ਸਾਲ 99.37 ਫ਼ੀਸਦੀ ਵਿਦਿਆਰਥੀ ਪਾਸ ਹੋਏ ਸਨ।

ਇਹ ਪਹਿਲੀ ਵਾਰ ਹੈ ਜਦੋਂ ਸੀਬੀਐੱਸਈ ਵੱਲੋਂ ਨਤੀਜੇ ਦਾ ਐਲਾਨ ਏਨੀ ਪੱਛੜ ਕੇ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਆਈਸੀਐੱਸਈ ਵੱਲੋਂ ਨਤੀਜੇ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਸੀਬੀਐੱਸਈ ਦਾ ਨਤੀਜਾ ਲੇਟ ਹੋਣ ਕਾਰਨ ਕਈ ਯੂਨੀਵਰਸਿਟੀਆਂ ਨੂੰ ਦਾਖ਼ਲੇ ਦੀ ਤਰੀਕ ਅੱਗੇ ਪਾਉਣੀ ਪਈ ਹੈ।