Punjab

‘ਹਰਜੋਤ ਬੈਂਸ ਖ਼ਿਲਾਫ਼ 100 ਕਰੋੜ ਦੇ ਘੁਟਾਲੇ ਦੀ ਜਾਂਚ CBI ਕਰੇ!’ ‘ਜਲਦ ਕਰਾਂਗਾ ਲਾਰੈਂਸ ਦਾ ਵੀਡੀਓ ਜਾਰੀ’, ‘ਇੱਕ ਹੋਰ ਪੇਪਰ ਘੁਟਾਲਾ!’

ਬਿਉਰੋ ਰਿਪੋਰਟ: ਮੁਹਾਲੀ ਦੀ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਡੀਜੀਪੀ ਨੂੰ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੀ IPS ਪਤਨੀ ਜੋਤੀ ਯਾਦਵ ’ਤੇ 100 ਕਰੋੜ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਮਦਦ ਦਾ ਜਿਹੜਾ ਇਲਜ਼ਾਮ ਲਗਾਇਆ ਸੀ, ਉਸ ‘ਤੇ ਸਿਆਸਤ ਭਖ ਗਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਹਰਜੋਤ ਬੈਂਸ ਖ਼ਿਲਾਫ਼ ਜਾਂਚ ਦੀ ਮੰਗ ਦੀ ਹਮਾਇਤ ਕਰਦੇ ਹੋਏ ਉਨ੍ਹਾਂ ਨੂੰ CBI ਕੋਲੋ ਜਾਂਚ ਕਰਵਾਉਣ ਦੀ ਚੁਣੌਤੀ ਦਿੱਤੀ ਹੈ।

ਹਾਲਾਂਕਿ ਮਜੀਠੀਆ ਨੇ ਇਹ ਵੀ ਕਿਹਾ ਹੈ ਕਿ ਮੈਂ ਉਨ੍ਹਾਂ ਦੀ IPS ਪਤਨੀ ’ਤੇ ਕੋਈ ਵੀ ਇਲਜ਼ਾਮ ਨਹੀਂ ਲਗਾਉਣਾ ਚਾਹੁੰਦਾ। ਪਰ ਜਦੋਂ 8 ਮਹੀਨੇ ਤੋਂ ਡੀਜੀਪੀ ਨੇ ਅਮਨਜੋਤ ਕੌਰ ਦੀ ਚਿੱਠੀ ’ਤੇ ਕੋਈ ਫੈਸਲਾ ਨਹੀਂ ਕੀਤਾ ਤਾਂ ਇਸ ਦਾ ਮਤਲਬ ਹੈ ਅੰਦਰ ਖਾਤੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਮਜੀਠੀਆ ਨੇ ਜਲਦ ਹੀ ਲਾਰੈਂਸ ਬਿਸ਼ਨੋਈ ਦਾ ਇੱਕ ਹੋਰ ਵੀਡੀਓ ਜਾਰੀ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਇੰਟਰਵਿਊ ਦੇ 2 ਵੀਡੀਓ ਸਾਹਮਣੇ ਆਏ ਹਨ, ਇੱਕ ਹੋਰ ਵੀਡੀਓ ਵੀ ਹੈ ਜਿਸ ਵਿੱਚ ਖਰੜ ਦੇ ਪੁਲਿਸ ਮੁਲਾਜ਼ਮ ਲਾਰੈਂਸ ਬਿਸ਼ਨੋਈ ਨੂੰ ਸ਼ਾਪਿੰਗ ਕਰਵਾ ਰਹੇ ਹਨ। ਚੌਥਾ ਵੀਡੀਓ ਮੇਰੇ ਕੋਲ ਹੈ ਜਿਸ ਨੂੰ ਉਹ ਜਲਦ ਜਾਰੀ ਕਰਨਗੇ। ਜਿਸ ਨੂੰ ਵੇਖ ਕੇ ਸਾਰਿਆਂ ਦੇ ਹੋਸ਼ ਉੱਡ ਜਾਣਗੇ।

ਇਸ ਦੇ ਨਾਲ ਹੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ’ਤੇ ਇੱਕ ਹੋਰ ਨੌਕਰੀ ਪੇਪਰ ਘੁਟਾਲੇ ਦਾ ਇਲਜ਼ਾਮ ਲਗਾਉਂਦੇ ਹੋਏ ਇਸ ਬਾਰੇ ਵੀ ਜਲਦ ਖ਼ੁਲਾਸਾ ਕਰਨ ਦਾ ਦਾਅਵਾ ਕੀਤਾ ਹੈ।

ਉੱਧਰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਐਲਾਨ ਕੀਤਾ ਹੈ ਕਿ ਪੈਟਰੋਲ ਅਤੇ ਡੀਜ਼ਲ ਤੇ ਵੈਟ ਵਧਾਉਣ ’ਤੇ ਜ਼ਿਲ੍ਹਾ ਪੱਧਰ ’ਤੇ ਪ੍ਰਦਰਸਨ ਕੀਤੇ ਜਾਣਗੇ।

ਵੇਖੋ ਬਿਕਰਮ ਮਜੀਠੀਆ ਦੀ ਪ੍ਰੈਸ ਕਾਨਫਰੰਸ-