India Punjab

DIG ਭੁੱਲਰ ਦੇ ਘਰ ਤੇ ਫਾਰਮ ਹਾਊਸ ’ਤੇ CBI ਦੇ ਛਾਪੇ, ਲੁਧਿਆਣਾ ਵਿੱਚ 65 ਏਕੜ ਜ਼ਮੀਨ ਦੀ ਕੀਤੀ ਜਾਂਚ

ਬਿਊਰੋ ਰਿਪੋਰਟ (24 ਅਕਤੂਬਰ, 2025): ਰਿਸ਼ਵਤ ਕੇਸ ਵਿੱਚ ਫੜੇ ਗਏ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ’ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਸੀਬੀਆਈ (CBI) ਉਨ੍ਹਾਂ ਨੂੰ ਕਿਸੇ ਵੀ ਸਮੇਂ ਰਿਮਾਂਡ ’ਤੇ ਲੈ ਸਕਦੀ ਹੈ ਅਤੇ ਹੁਣ ਉਨ੍ਹਾਂ ’ਤੇ ਆਮਦਨ ਤੋਂ ਵੱਧ ਜਾਇਦਾਦ (Disproportionate Assets) ਦਾ ਕੇਸ ਦਰਜ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਦਾ ਅੰਦਾਜ਼ਾ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 40 ਸਥਿਤ ਉਨ੍ਹਾਂ ਦੀ ਕੋਠੀ ’ਤੇ ਪਹੁੰਚ ਕੇ ਕੀਤੀ ਗਈ ਜਾਂਚ ਤੋਂ ਲਗਾਇਆ ਜਾ ਸਕਦਾ ਹੈ।

ਸੀਬੀਆਈ ਦੀ ਟੀਮ ਨੇ ਡੀਆਈਜੀ ਭੁੱਲਰ ਦੇ ਘਰ ਦੀ ਹਰ ਚੀਜ਼ ਦੀ ਵੀਡੀਓਗ੍ਰਾਫੀ ਕਰਵਾਈ। ਏ.ਸੀ. ਤੋਂ ਲੈ ਕੇ ਗਮਲਿਆਂ ਅਤੇ ਬਿਜਲੀ ਦੇ ਬਲਬਾਂ ਤੱਕ ਹਰ ਵਸਤੂ ਦੀ ਸੂਚੀ ਬਣਾ ਕੇ ਉਸ ਦੀ ਕੀਮਤ ਕੱਢੀ ਜਾਵੇਗੀ। ਇਹ ਛਾਪਾ ਲਗਭਗ 9 ਘੰਟੇ ਤੱਕ ਚੱਲਿਆ। ਸੀਬੀਆਈ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛੇ ਗਏ ਸਵਾਲਾਂ ਨੂੰ ਲੈਪਟਾਪ ਵਿੱਚ ਟਾਈਪ ਕਰਕੇ ਉਨ੍ਹਾਂ ਦੇ ਬਿਆਨਾਂ ’ਤੇ ਦਸਤਖ਼ਤ ਵੀ ਕਰਵਾਏ ਹਨ।

ਦੂਜੇ ਪਾਸੇ, ਸ਼ੁੱਕਰਵਾਰ ਦੁਪਹਿਰ ਨੂੰ ਸੀਬੀਆਈ ਦੀ ਟੀਮ ਭੁੱਲਰ ਦੇ ਫਾਰਮ ਹਾਊਸ ਦੀ ਤਲਾਸ਼ੀ ਲੈਣ ਲਈ ਪਹੁੰਚੀ। ਇਹ ਫਾਰਮ ਹਾਊਸ ਲੁਧਿਆਣਾ ਦੇ ਮਾਛੀਵਾੜਾ ਖੇਤਰ ਦੇ ਪਿੰਡ ਮੰਡ ਸ਼ੇਰੀਆਂ ਵਿੱਚ ਸਥਿਤ ਹੈ। ਸੀਬੀਆਈ ਸੂਤਰਾਂ ਅਨੁਸਾਰ, ਭੁੱਲਰ ਦੀ ਮਾਛੀਵਾੜਾ ਵਿੱਚ ਕਰੀਬ 65 ਏਕੜ ਜ਼ਮੀਨ ਹੈ। ਸੀਬੀਆਈ ਦੀ ਟੀਮ ਇਸੇ ਜ਼ਮੀਨ ਦੇ ਦਸਤਾਵੇਜ਼ਾਂ ਦੀ ਜਾਂਚ ਲਈ ਇੱਥੇ ਪਹੁੰਚੀ ਹੈ।