ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਜਗਦੀਸ਼ ਟਾਈਟਲਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸੀਬੀਆਈ ਨੇ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜਗਦੀਸ਼ ਟਾਈਟਲਰ ‘ਤੇ ਦੋਸ਼ ਲੱਗੇ ਹਨ ਕਿ ਉਸ ਨੇ ਭੀੜ ਨੂੰ ਭੜਕਾਇਆ ਸੀ ,ਜਿਸ ਤੋਂ ਬਾਅਦ ਇਸ ਭੀੜ ਨੇ ਦਿੱਲੀ ਦੇ ਪੁਲ ਬੰਗਸ਼ ਗੁਰਦੁਆਰੇ ਨੂੰ ਅੱਗ ਲਾ ਦਿੱਤੀ, ਜਿਸ ਦੌਰਾਨ ਤਿੰਨ ਸਿੱਖਾਂ ਨੂੰ ਵੀ ਜਿੰਦਾ ਸਾੜ ਦਿੱਤਾ ਗਿਆ ਸੀ। ਜਗਦੀਸ਼ ਟਾਈਟਲਰ ਵਿਰੁੱਧ ਧਾਰਾ 147, 148, 149, 153 (ਏ), 188 ਆਈਪੀਸੀ ਅਤੇ 109, 302, 295 ਅਤੇ 436 ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਪਿਛਲੇ ਮਹੀਨੇ ਸੀਬੀਆਈ ਦੀ ਸੀਐਫਐਸਐਲ ਲੈਬ ਵਿੱਚ ਜਗਦੀਸ਼ ਟਾਈਟਲਰ ਦੀ ਆਵਾਜ਼ ਦਾ ਨਮੂਨਾ ਲਿਆ ਗਿਆ ਸੀ। ਉਦੋਂ ਸੀਬੀਆਈ ਅਧਿਕਾਰੀਆਂ ਨੇ ਦੱਸਿਆ ਸੀ ਕਿ ਏਜੰਸੀ ਨੂੰ 39 ਸਾਲ ਪੁਰਾਣੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਨਵੇਂ ਸਬੂਤ ਮਿਲੇ ਹਨ। ਇਸ ਤੋਂ ਬਾਅਦ ਟਾਈਟਲਰ ਦੀ ਆਵਾਜ਼ ਦਾ ਸੈਂਪਲ ਲੈਣ ਦੀ ਲੋੜ ਸੀ। ਟਾਈਟਲਰ ਨੇ ਇਹ ਸੈਂਪਲ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਜਾਗੋ ਮੁਖੀ ਮਨਜੀਤ ਸਿੰਘ ਜੀਕੇ ਨੇ CBI ਨੂੰ ਵੀਡੀਓ ਸਬੂਤ ਦਿੱਤੇ ਸਨ ਤੇ 5 ਸਟਿੰਗ ਵੀਡੀਓਜ਼ ਨੂੰ ਅਧਾਰ ਬਣਾ ਕੇ CBI ਨੇ ਤਫ਼ਤੀਸ਼ ਕੀਤੀ ਸੀ।
ਜਾਗੋ ਮੁਖੀ ਮਨਜੀਤ ਸਿੰਘ ਜੀਕੇ ਨੇ ਲਾਈਵ ਹੋ ਕੇ ਇਹ ਸਾਰੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ । ਉਹਨਾਂ ਕਿਹਾ ਹੈ ਕਿ ਬਹੁਤ ਸਮੇਂ ਤੋਂ ਇਹ ਸੰਘਰਸ਼ ਜਾਰੀ ਸੀ ਤੇ ਟਾਈਟਲਰ ਨੂੰ 3 ਵਾਰ ਸੀਬੀਆਈ ਤੋਂ ਕਲੀਨ ਚਿੱਟ ਵੀ ਮਿਲ ਚੁੱਕੀ ਸੀ ਪਰ ਹੁਣ 39 ਸਾਲਾਂ ਦਾ ਸੰਘਰਸ਼ ਅੱਜ ਰੰਗ ਲੈ ਕੇ ਆਇਆ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਸੀਬੀਆਈ ਨੂੰ ਟਾਈਟਲਰ ਦੀਆਂ ਵੀਡੀਓ ਵੀ ਉਪਲਬੱਧ ਕਰਵਾਈਆਂ ਸੀ। ਜਿਸ ਦੇ ਆਧਾਰ ‘ਤੇ ਇਹ ਜਾਂਚ ਹੋ ਰਹੀ ਹੈ। ਇਸ ਦੌਰਾਨ ਉਹਨਾਂ ਨੂੰ ਵੀ ਸੀਬੀਆਈ ਨੇ ਪੁੱਛਗਿੱਛ ਲਈ ਬੁਲਾਇਆ ਸੀ ਪਰ ਸੱਜਣ ਕੁਮਾਰ ਤੇ ਟਾਈਟਲਰ ਵਰਗਿਆਂ ਨੂੰ ਜੇਕਰ ਕੋਈ ਸਜ਼ਾ ਦਿਵਾ ਸਕਦਾ ਸੀ ਤਾਂ ਉਹ ਸੰਗਤ ਆਪ ਸੀ। ਟਾਈਟਲਰ ਆਪਣੇ ਆਪ ਨੂੰ ਬੇਗੁਨਾਹ ਦੱਸਦਾ ਹੁੰਦਾ ਸੀ ਪਰ ਹੁਣ ਅਦਾਲਤ ਨੇ ਇਸ ਨੂੰ ਦੋਸ਼ੀ ਮੰਨ ਲਿਆ ਹੈ।
ਜਾਗੋ ਕਮੇਟੀ ਪ੍ਰਧਾਨ ਨੇ ਸੀਬੀਆਈ ਤੇ ਮੋਦੀ ਸਰਕਾਰ ਦਾ ਵੀ ਇਸ ਲਈ ਧੰਨਵਾਦ ਕੀਤਾ ਹੈ।