India

ਦਿੱਲੀ ਆਬਕਾਰੀ ਨੀਤੀ ਮਾਮਲਾ: BRS ਦੀ ਕੇ ਕਵਿਤਾ CBI ਵੱਲੋਂ ED ਦੀ ਹਿਰਾਸਤ ‘ਚੋਂ ਗ੍ਰਿਫ਼ਤਾਰ

CBI arrested brs leader K Kavitha

ਬਿਉਰੋ ਰਿਪੋਰਟ – ਸੀਬੀਆਈ ਨੇ ਅੱਜ (11 ਅਪ੍ਰੈਲ, 2024) ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇਸੀਆਰ ਦੀ ਧੀ ਕੇ ਕਵਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਵਿਤਾ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ। ਕਵਿਤਾ ਪਹਿਲਾਂ ਹੀ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕਵਿਤਾ ਤਿਹਾੜ ਜੇਲ੍ਹ ਵਿੱਚ ਸਨ। ਸੀਬੀਆਈ ਨੇ ਉਨ੍ਹਾਂ ਨੂੰ ਉਥੋਂ ਹੀ ਗ੍ਰਿਫ਼ਤਾਰ ਕੀਤਾ ਹੈ।

ਅਦਾਲਤ ਨੇ ਮੰਗਲਵਾਰ (9 ਅਪ੍ਰੈਲ, 2024) ਨੂੰ ਭਾਰਤ ਰਾਸ਼ਟਰ ਸਮਿਤੀ (BRS) ਦੀ ਲੀਡਰ ਕੇ ਕਵਿਤਾ ਦੀ ਨਿਆਂਇਕ ਹਿਰਾਸਤ 23 ਅਪ੍ਰੈਲ ਤੱਕ ਵਧਾ ਦਿੱਤੀ ਹੈ। ਨਿਆਂਇਕ ਹਿਰਾਸਤ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ (8 ਅਪ੍ਰੈਲ) ਨੂੰ ਵੀ ਅਦਾਲਤ ਨੇ ਕਵਿਤਾ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਪਹਿਲੀ ਨਜ਼ਰੇ ਲੱਗਦਾ ਹੈ ਕਿ ਉਨ੍ਹਾਂ ਨੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਅਜਿਹੇ ‘ਚ ਜੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਂਦੀ ਹੈ ਤਾਂ ਉਹ ਭਵਿੱਖ ‘ਚ ਵੀ ਅਜਿਹਾ ਕਰ ਸਕਦੇ ਹਨ।

ਇਸ ਗ੍ਰਿਫ਼ਤਾਰੀ ਨੂੰ ਆਧਾਰ ਬਣਾਉਂਦਿਆਂ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਪੰਜਾਬ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ X ’ਤੇ ਪੋਸਟ ਪਾ ਕੇ ਮੁੱਖ ਮੰਤਰੀ ਨੂੰ ਮਿਹਣਾ ਮਾਰਿਆ ਕਿ ਜਿਸ ਤਰ੍ਹਾਂ ਉਹ ਪੰਜਾਬ ਪੁਲਿਸ ਜ਼ਰੀਏ ਉਨ੍ਹਾਂ ’ਤੇ ਕਾਰਵਾਈਆਂ ਕਰਦੇ ਹਨ, ਉਸੇ ਤਰ੍ਹਾਂ ਕੇਂਦਰ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਉਸ ਤੋਂ ਜ਼ਿਆਦਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਲਿਖਿਆ – “ਜੋ ਬੀਜੋਗੇ ਉਹੀ ਵੱਢੋਗੇ।”

ਦਰਅਸਲ, ਈਡੀ ਨੇ ਦੋਸ਼ ਲਾਇਆ ਹੈ ਕਿ ਕੇ ਕਵਿਤਾ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਸ਼ਾਮਲ ਦੱਖਣੀ ਸਮੂਹ ਦੀ ਇੱਕ ਮਹੱਤਵਪੂਰਨ ਮੈਂਬਰ ਹੈ, ਜਿਸ ‘ਤੇ ਆਮ ਆਦਮੀ ਪਾਰਟੀ (AAP) ਨੂੰ ਸ਼ਰਾਬ ਦੇ ਲਾਇਸੈਂਸ ਵਿੱਚ ਵੱਡਾ ਹਿੱਸਾ ਲੈਣ ਲਈ 100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਦੋਸ਼ ਹੈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਕੇਂਦਰੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਸ਼ਰਾਬ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਹੋਇਆ ਹੈ।

ਈਡੀ ਨੇ ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਨੂੰ ਇਸ ਮਾਮਲੇ ‘ਚ ਮੁੱਖ ਸਾਜ਼ਿਸ਼ਕਰਤਾ ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਦੇ ਕਈ ਆਗੂ ਤੇ ਮੰਤਰੀ ਵੀ ਇਸ ਘਪਲੇ ਵਿੱਚ ਸ਼ਾਮਲ ਸਨ। ਦੂਜੇ ਪਾਸੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕੇ ਕਵਿਤਾ ਤੇ ‘ਆਪ’ ਨੇ ਕਿਹਾ ਕਿ ਇਹ ਸਭ ਕੁਝ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ।