Punjab

ਪੰਜਾਬ ਪੁਲਿਸ ਦੇ ‘CAT’ ਪਿੰਕੀ ਨੂੰ ਲੈਕੇ ਆਈ ਵੱਡੀ ਖਬਰ !

ਬਿਉਰੋ ਰਿਪੋਰਟ : ਪੁਲਿਸ ਦੀ ਵਰਦੀ ਵਿੱਚ ਕਈ ਸਿੱਖ ਬੇਗੁਨਾਹਾਂ ਦੇ ਐਨਕਾਊਂਟਰ ਵਿੱਚ ਸ਼ਾਮਲ CAT ਗੁਰਮੀਤ ਸਿੰਘ ਪਿੰਕੀ ਦੀ ਮੌਤ ਹੋ ਗਈ ਹੈ । ਪਿੰਕੀ ਨੂੰ ਡੇਂਗੂ ਸੀ ਉਸ ਦੇ ਪਲੇਟਲੈਟਸ ਘੱਟ ਗਏ ਸਨ । ਉਸ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਪਿੰਕੀ ਖਰੜ ਦੇ ਨਜ਼ਦੀਕ ਸਰਹਿੰਦ ਵਿੱਚ ਬਣੇ ਫਾਰਮ ਹਾਊਸ ਵਿੱਚ ਰਹਿੰਦਾ ਸੀ ।

ਕੌਣ ਹੈ ਗੁਰਮੀਤ ਸਿੰਘ ਪਿੰਕੀ ਕੈਟ ?

ਪੰਜਾਬ ਵਿੱਚ 90 ਦੇ ਦਹਾਕੇ ਦੌਰਾਨ ਗੁਰਮੀਤ ਸਿੰਘ ਪਿੰਕੀ ਨੂੰ ਪੰਜਾਬ ਪੁਲਿਸ ਦਾ ਮੁਖ਼ਬਰ ਮੰਨਿਆ ਜਾਂਦਾ ਸੀ । ਜਿਸ ਦੇ ਬਾਅਦ ਉਸ ਨੂੰ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਬਣਾਇਆ ਗਿਆ । ਉਸ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਖ਼ਾਸ ਮੰਨਿਆ ਜਾਂਦਾ ਸੀ । 2001 ਵਿੱਚ ਉਸ ਨੇ ਲੁਧਿਆਣਾ ਦੇ ਇੱਕ ਸ਼ਖ਼ਸ ਅਵਤਾਰ ਸਿੰਘ ਉਰਫ਼ ਗੋਲਾ ਨੂੰ ਰਸਤਾ ਪੁੱਛ ਕੇ ਗੋਲੀ ਮਾਰ ਦਿੱਤੀ ਸੀ । 2006 ਵਿੱਚ ਪਿੰਕੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ।

ਅਦਾਲਤ ਤੋਂ ਮਿਲੀ ਸਜ਼ਾ ਤੋਂ ਬਾਅਦ ਕੇਂਦਰ ਸਰਕਾਰ ਨੇ 1997 ਵਿੱਚ ਪਿੰਕੀ ਨੂੰ ਮਿਲਿਆ ਗਲੈਂਟਰੀ ਅਵਾਰਡ ਵੀ ਵਾਪਸ ਲੈ ਲਿਆ ਸੀ । ਹਾਲਾਂਕਿ ਤਤਕਾਲੀ ਬਾਦਲ ਸਰਕਾਰ ਨੇ 24 ਮਈ 2014 ਨੂੰ ਗੁਰਮੀਤ ਸਿੰਘ ਪਿੰਕੀ ਨੂੰ ਜੇਲ੍ਹ ਤੋਂ ਚੁੱਪ ਚੁਪੀਤੇ ਰਿਹਾਅ ਕਰ ਦਿੱਤਾ ਸੀ ਅਤੇ ਅਗਲੇ ਸਾਲ 16 ਮਈ 2015 ਨੂੰ ਮੁੜ ਤੋਂ ਇੰਸਪੈਕਟਰ ਦੇ ਅਹੁਦੇ ‘ਤੇ ਨਿਯੁਕਤ ਕਰ ਦਿੱਤਾ ਸੀ। ਉਸ ਵੇਲੇ ਪੰਜਾਬ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਸਨ ਅਤੇ ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਨ । ਜਦੋਂ ਸਿੱਖ ਜਥੇਬੰਦੀਆਂ ਨੇ ਪਿੰਕੀ ਦੀ ਮੁੜ ਨਿਯੁਕਤੀ ਦਾ ਵਿਰੋਧ ਕੀਤਾ ਤਾਂ ਵਿਵਾਦ ਨੂੰ ਵੇਖ ਦੇ ਹੋਏ ਉਸ ਦੀ ਨਿਯੁਕਤੀ ਨੂੰ ਰੋਕ ਦਿੱਤਾ ਗਿਆ।

ਪਿੰਕੀ ‘ਤੇ ਬਾਦਲ ਸਰਕਾਰ ਦੀ ਕਈ ਮਿਹਰਬਾਨੀਆਂ

2007 ਤੋਂ ਲੈਕੇ 2017 ਤੱਕ ਅਕਾਲੀ ਦਲ ਅਤੇ ਬੀਜੇਪੀ ਦੀ ਸਰਕਾਰ ਰਹੀ ਇਸ ਦੌਰਾਨ ਬਾਦਲ ਸਰਕਾਰ ਨੇ ਨਿਰਦੋਸ਼ ਨੌਜਵਾਨਾਂ ਦੇ ਐਨਕਾਉਂਟਰ ਵਿੱਚ ਸ਼ਾਮਲ ਗੁਰਮੀਤ ਸਿੰਘ ਪਿੰਕੀ ‘ਤੇ ਕਾਫ਼ੀ ਮਿਹਰਬਾਨੀਆਂ ਕੀਤੀਆਂ । ਗੁਰਮੀਤ ਸਿੰਘ ਪਿੰਕੀ ਨੂੰ ਉਮਰ ਕੈਦ ਦੀ ਸਜ਼ਾ ਦੌਰਾਨ ਸਿਰਫ਼ 486 ਦਿਨ ਹੀ ਜੇਲ੍ਹ ਵਿੱਚ ਗੁਜ਼ਾਰਨੇ ਪਏ । ਉਸ ਨੂੰ ਅਪ੍ਰੈਲ 2008 ਤੋਂ ਲੈ ਕੇ 2012 ਤੱਕ ਕਈ ਵਾਰ ਪੈਰੋਲ ਮਿਲ ਦੀ ਰਹੀ । ਮ੍ਰਿਤਕ ਅਵਤਾਰ ਸਿੰਘ ਦੇ ਪਿਤਾ ਮੁਤਾਬਿਕ ਮਈ 2009 ਵਿੱਚ ਪਿੰਕੀ ਨੂੰ 4 ਹਫ਼ਤਿਆਂ ਦੇ ਲਈ ਪੈਰੋਲ ਮਿਲੀ ਸੀ ਜਿਸ ਨੂੰ ਉਸ ਨੇ 2 ਵਾਰ ਵਧਾਇਆ। ਉਹ 18 ਅਕਤੂਬਰ 2009 ਨੂੰ 143 ਦਿਨਾਂ ਦੇ ਬਾਅਦ ਜੇਲ੍ਹ ਗਿਆ ਸੀ । ਇਸੇ ਤਰ੍ਹਾਂ 2011 ਅਤੇ 2012 ਦੇ ਵਿਚਾਲੇ ਉਸ ਨੂੰ ਤਿੰਨ ਵਾਰ ਪੈਰੋਲ ਦਿੱਤੀ ਗਈ । ਉਸ ਨੇ 2 ਸਾਲਾਂ ਵਿੱਚ ਤਕਰੀਬਨ 28 ਹਫ਼ਤੇ ਜੇਲ੍ਹ ਤੋਂ ਬਾਹਰ ਬਿਤਾਏ । ਮ੍ਰਿਤਕ ਅਵਤਾਰ ਸਿੰਘ ਦੇ ਪਿਤਾ ਹੈਰਾਨ ਸਨ ਕਿ ਆਖ਼ਿਰ ਪਿੰਕੀ ਨੂੰ ਅਸਾਨੀ ਨਾਲ ਪੈਰੋਲ ਕਿਵੇਂ ਮਿਲ ਜਾਂਦੀ ਹੈ । ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਵੱਡੇ ਅਫ਼ਸਰ ਗੁਰਮੀਤ ਸਿੰਘ ਪਿੰਕੀ ਦੀ ਮਦਦ ਕਰ ਰਹੇ ਸਨ । ਇਸ ਦੇ ਖ਼ਿਲਾਫ਼ ਪਿਤਾ ਪੰਜਾਬ ਹਰਿਆਣਾ ਹਾਈਕੋਰਟ ਵੀ ਗਏ ਸਨ ।