ਬਰਨਾਲਾ ਜ਼ਿਲ੍ਹੇ ਦੇ ਕਸਬਾ ਪੱਖੋ ਕੈਂਚੀਆਂ ਨੇੜੇ ਜਗਜੀਤਪੁਰਾ ਟੋਲ ਪਲਾਜ਼ਾ ‘ਤੇ ਅੰਗਰੇਜ਼ੀ ਭਾਸ਼ਾ ਦੇ ਬੋਰਡ ‘ਤੇ ਕਾਲਖ ਮਲਣ ਦੇ ਮਸਲੇ ‘ਚ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਹਨ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਤੇ ਭਾਨਾ ਸਿੱਧੂ ( Lakha Sidhana , Bhana Sidhu) ਵਿਰੁੱਧ ਥਾਣਾ ਸ਼ਹਿਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਲੱਖਾ ਸਿਧਾਣਾ, ਭਾਨਾ ਸਿੱਧੂ ਤੋਂ ਇਲਾਵਾ 10/12 ਅਣਪਛਾਤੇ ਵਿਅਕਤੀਆਂ ਦਾ ਨਾਂਅ ਸ਼ਾਮਿਲ ਹੈ। ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਲੱਖਾ ਸਿਧਾਣਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਨਵੰਬਰ ਨੂੰ ਅੰਗਰੇਜ਼ੀ ਭਾਸ਼ਾ ਦੇ ਬੋਰਡਾਂ ‘ਤੇ ਕਾਲਖ ਮਲੀ ਸੀ।
ਥਾਣਾ ਸ਼ਹਿਣਾ ਵਿਖੇ ਇਹ ਕੇਸ ਏ.ਐੱਸ.ਆਈ. ਕਰਮਜੀਤ ਸਿੰਘ ਦੇ ਬਿਆਨ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮ ਕਰਮਜੀਤ ਸਿੰਘ ਨੇ ਆਪਣੇ ਬਿਆਨ ’ਚ ਕਿਹਾ ਗਿਆ ਹੈ ਕਿ ਉਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਟੋਲ ਪਲਾਜ਼ਾ ਜਗਜੀਤਪੁਰਾ ਵਿਖੇ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਵਾਸੀ ਕੋਟਦੁੱਨਾ ਨੇ ਆਪਣੇ 10/12 ਸਾਥੀਆਂ ਨੂੰ ਨਾਲ ਲੈ ਕੇ ਟੋਲਪਲਾਜ਼ਾ ’ਤੇ ਲੱਗੇ ਧਰਨੇ ’ਚ ਪੁੱਜੇ।
ਇਸ ਮਗਰੋਂ ਟੋਲਪਲਾਜ਼ਾ ’ਤੇ ਲੱਗੇ ਅੰਗਰੇਜ਼ੀ ਵਾਲੇ ਸਾਈਨ ਬੋਰਡਾਂ ‘ਤੇ ਕਾਲਖ ਮਲੀ ਗਈ। ਇਸ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਥਾਣਾ ਸ਼ਹਿਣਾ ਵਿਖੇ ਲੱਖਾ ਸਿਧਾਣਾ, ਭਾਨਾ ਸਿੱਧੂ ਤੇ ਉਨ੍ਹਾਂ ਦੇ 10/12 ਹੋਰ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਕੇਸ ’ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੱਖਾ ਸਿਧਾਣਾ ਖ਼ਿਲਾਫ਼ ਤਰਨਤਾਰਨ ਦੇ ਥਾਣਾ ਹਰੀਕੇ ਵਿਖੇ ਅਸਲਾ ਐਕਟ ਤੇ ਐੱਨ.ਡੀ.ਪੀ.ਐੱਸ. ਐਕਟ ਦੀ ਸੈਕਸ਼ਨ 21/29 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ’ਚ ਲੱਖਾ ਸਿਧਾਣਾ ਨੂੰ ਵਿਰੋਧ ਤੋਂ ਬਾਅਦ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਸੀ।