‘ਦ ਖ਼ਾਲਸ ਬਿਊਰੋ :- ਮੁੰਬਈ ਵਿੱਚ ਅਦਾਕਾਰਾ ਕੰਗਣਾ ਰਣੌਤ ਖਿਲਾਫ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ। ਸਿੱਖ ਭਾਈਚਾਰੇ ਵਿਰੁੱਧ ਸੋਸ਼ਲ ਮੀਡੀਆ ਪੋਸਟਾਂ ‘ਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲਈ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਖ਼ਿਲਾਫ਼ ਮੁੰਬਈ. ਦੇ ਥਾਣਾ ਖ਼ਾਰ ਵਿਖੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਸੰਧੂ ਵੱਲੋਂ ਦਰਜ ਕਰਾਈ ਗਈ ਐਫ ਆਈ ਆਰ ਨੰ: 253 ਵਿੱਚ ਕੰਗਣਾ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਧਾਰਾ 295 ਏ ਲਾਈ ਗਈ ਹੈ। ਸਿੱਖ ਭਾਈਚਾਰੇ ਦੇ ਆਗੂਆਂ ਨੇ ਸਮਾਜ ਵਿਚ ਨਫ਼ਰਤ ਫੈਲਾਉਣ ਬਦਲੇ ਕੰਗਣਾ ਰਣੌਤ ਨੂੰ ਮੁੰਬਈ ਤੋਂ ਤੜੀਪਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੰਗਣਾ ਨਾ ਕੇਵਲ ਸਿੱਖਾਂ ਪ੍ਰਤੀ ਸਗੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦੇਵ ਠਾਕੁਰੇ ਖ਼ਿਲਾਫ਼ ਵੀ ਮਾੜੀ ਸ਼ਬਦਾਵਲੀ ਵਰਤ ਚੁੱਕੀ ਹੈ।
ਇਸ ਤੋਂ ਪਹਿਲਾਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਕੰਗਣਾ ਦੀ ਰਿਹਾਇਸ਼ ’ਤੇ ਰੋਸ ਵਿਖਾਵਾ ਵੀ ਕੀਤਾ। ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਨੇ ਕੰਗਣਾ ਵਿਰੁੱਧ ਇਹ ਕੇਸ ਦਰਜ ਕਰਦਿਆਂ ਐਫ ਆਈ ਆਰ ਦੀ ਕਾਪੀ ਸੁਪਰੀਮ ਕੌਂਸਲ ਨਵੀਂ ਮੁੰਬਈ ਦੇ ਆਗੂ ਜਸਪਾਲ ਪਾਸ ਸਿੰਘ ਸਿੱਧੂ, ਸ਼ਿਕਾਇਤ ਕਰਤਾ ਅਮਰਜੀਤ ਸਿੰਘ ਸੰਧੂ, ਜਸਬੀਰ ਸਿੰਘ ਧਾਮ, ਗੁਰਜੋਤ ਸਿੰਘ ਕੀਰ ਤੇ ਅਮਰਜੀਤ ਸਿੰਘ ਰੰਧਾਵਾ ਦੇ ਹਵਾਲੇ ਕੀਤਾ। ਖ਼ਾਰ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਮਿਲੀ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਕੰਗਣਾ ਵਿਰੁੱਧ ਕੇਸ ਦਰਜ ਕੀਤਾ ਹੈ।