‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ਬਾਰਡਰਾਂ ‘ਤੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਲਗਾਤਾਰ ਮੰਗ ਕਰ ਰਹੇ ਹਨ। ਪਰ ਕੇਂਦਰ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ। ਕਿਸਾਨਾਂ ਵੱਲੋਂ ਸੰਘਰਸ਼ ਲੰਮਾ ਚੱਲਣ ਦੀ ਸੰਭਾਵਨਾ ਨੂੰ ਵੇਖਦਿਆਂ ਗਰਮੀ ਦੇ ਮੌਸਮ ਤੋਂ ਬਚਾਅ ਲਈ ਕਈ ਇੰਤਜ਼ਾਮ ਕੀਤੇ ਜਾ ਰਹੇ ਹਨ।
ਕਿਸਾਨਾਂ ਨੇ ਨੈਸ਼ਨਲ ਹਾਈਵੇ ’ਤੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਐੱਨਐੱਚਏਆਈ ਅਤੇ ਨਗਰ ਪਾਲਿਕਾ ਨੇ ਇਸ ਸਬੰਧੀ ਕਿਸਾਨਾਂ ਖਿਲਾਫ ਕੇਸ ਦਰਜ ਕਰਵਾਏ ਹਨ। ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਆਨੰਦ ਤੇ ਨਗਰ ਪਾਲਿਕਾ ਕੁੰਡਲੀ ਦੇ ਪਵਨ ਦੇ ਬਿਆਨ ‘ਤੇ ਪੁਲਿਸ ਨੇ ਕਈ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਪਿਆਊ ਮਨਿਅਰੀ ਅਤੇ ਕੇਐੱਫਸੀ ਕੁੰਡਲੀ ਨੇੜੇ ਕਿਸਾਨ ਹਾਈਵੇਅ ‘ਤੇ ਪੱਕੇ ਮਕਾਨ ਬਣਾ ਰਹੇ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਪੱਕੇ ਮਕਾਨ ਬਣਾਉਣਗੇ ਅਤੇ ਇੱਥੇ ਕਿਸਾਨ ਨਗਰ ਵਸਾਉਣਗੇ।
ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਸੌ ਤੋਂ ਵਧੇਰੇ ਦਿਨਾਂ ਤੋਂ ਧਰਨਿਆਂ ‘ਤੇ ਬੈਠੇ ਹਨ। ਕਿਸਾਨਾਂ ਦਾ ਤਿਉਹਾਰਾਂ ਦਾ ਸੀਜ਼ਨ ਅਤੇ ਠੰਢ ਵੀ ਧਰਨਿਆਂ ਵਿੱਚ ਇਨ੍ਹਾਂ ਬਾਰਡਰਾਂ ਉੱਪਰ ਹੀ ਲੰਘੀ ਹੈ। ਹੁਣ ਗਰਮੀ ਦਾ ਮੁਕਾਬਲਾ ਕਰਨ ਲਈ ਕੂਲਰਾਂ, ਪੱਖਿਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸੇ ਕਾਰਨ ਇਹ ਪੱਕੇ ਘਰ ਜਾਂ ਸ਼ੈਲਟਰ ਬਣਾਏ ਗਏ ਹਨ।
ਕਿਸਾਨ ਸੋਸ਼ਲ ਆਰਮੀ ਦੇ ਅਨਿਲ ਮਲਿਕ ਨੇ ਕਿਹਾ ਕਿ,”ਇਹ ਘਰ ਮਜ਼ਬੂਤ ਹਨ ਅਤੇ ਕਿਸਾਨਾਂ ਦੇ ਇਰਾਦਿਆਂ ਵਾਂਗ ਪੱਕੇ ਹਨ। ਅਜਿਹੇ 25 ਘਰ ਬਣਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ 1000-2000 ਹੋਰ ਬਣਾਏ ਜਾਣਗੇ। ਇਨ੍ਹਾਂ ਉਸਾਰੀਆਂ ਬਾਰੇ ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਐੱਨਐੱਚ-1 ਉੱਪਰ ਮਕਾਨ ਨਾ ਬਣਨ ਤਾਂ ਤਿੰਨੇ ਕਾਨੂੰਨ ਵਾਪਸ ਲੈ ਲਵੇ ਅਤੇ ਐੱਮਐੱਸਪੀ ਦੀ ਗਰੰਟੀ ਦੇਵੇ, ਨਹੀਂ ਤਾਂ ਜਦੋਂ ਤੱਕ ਕਿਸਾਨ ਇੱਥੇ ਰਹਿਣਗੇ, ਪੱਕੇ ਮਕਾਨ ਬਣਾ ਕੇ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬੀਆਂ ਦੀ ਵਿਰਾਸਤ ਹੈ, ਚੰਗਾ ਖਾਂਦੇ-ਪੀਂਦੇ ਹਨ ਅਤੇ ਚੰਗੀ ਥਾਂਵੇਂ ਰਹਿੰਦੇ ਹਨ। ਇਸ ਲਈ ਇੱਟਾਂ ਲਿਆ ਕੇ ਮਕਾਨ ਬਣਾ ਰਹੇ ਹਨ। ਇਹ ਮਕਾਨ ਪੂਰਾ ਬਣ ਜਾਵੇਗਾ, ਇਸ ਉੱਪਰ ਛੱਤ ਪਵੇਗੀ ਅਤੇ ਏਸੀ ਲਗਾ ਕੇ ਇੱਥੇ ਆਉਣ ਵਾਲੇ ਬਜ਼ੁਰਗਾਂ ਅਤੇ ਬੀਬੀਆਂ ਦੇ ਰਹਿਣ ਲਈ ਇੱਥੇ ਇੰਤਜ਼ਾਮ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਟਿਕਰੀ ਦੇ ਸਥਾਨਕ ਐੱਸਐੱਚਓ ਆਏ ਸਨ ਅਤੇ ਉਨ੍ਹਾਂ ਨੂੰ ਰੋਕਿਆ ਸੀ ਕਿ ਤੁਸੀਂ ਇੱਥੇ ਮਕਾਨ ਨਾ ਬਣਾਓ, ਸਾਡੇ ਉੱਪਰ ਦਬਾਅ ਹੈ। ਪਰ ਇਹ ਮਕਾਨ ਨਹੀਂ ਰੁਕਣਗੇ।