ਬਿਉਰੋ ਰਿਪੋਰਟ: ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੇਐਲਪੀਐਲ) ਖ਼ਿਲਾਫ਼ ਅਦਾਲਤੀ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਦਿੱਲੀ-ਐਨਸੀਆਰ ਵਿੱਚ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐਮਜੀਐਫ ਬਿਲਡਰ ਕੰਪਨੀ ਦੀ ਤਰਫ਼ੋਂ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ।
ਐਮਜੀਐਫ ਬਿਲਡਰ ਕੰਪਨੀ ਨੇ ਇਲਜ਼ਾਮ ਲਾਇਆ ਕਿ ਜਨਤਾ ਲੈਂਡ ਪ੍ਰਮੋਟਰਜ਼ ਨੇ ਉਨ੍ਹਾਂ ਦਾ ਇੱਕ ਪ੍ਰਾਜੈਕਟ ਐਮਜੀਐਫ ਦੀ ਜ਼ਮੀਨ ’ਤੇ ਬਣਾਇਆ ਸੀ। ਪਰ ਉਸ ਨੂੰ ਸਮਝੌਤੇ ਅਨੁਸਾਰ ਇਸ ਪ੍ਰਾਜੈਕਟ ਦਾ ਭੁਗਤਾਨ ਨਹੀਂ ਕੀਤਾ ਗਿਆ। ਮਾਮਲਾ ਅਦਾਲਤ ਵਿੱਚ ਪੁੱਜਾ ਤਾਂ ਅਦਾਲਤ ਦੇ ਹੁਕਮਾਂ ’ਤੇ ਇਹ ਕੇਸ ਦਰਜ ਕੀਤਾ ਗਿਆ।
150 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਿਤ ਹੈ ਮਾਮਲਾ
ਹਾਸਲ ਜਾਣਕਾਰੀ ਅਨੁਸਾਰ ਇਹ ਮਾਮਲਾ 150 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਿਤ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਇਸ ਪੂਰੇ ਪ੍ਰੋਜੈਕਟ ਦੀ ਲਾਗਤ ਕਰੀਬ 180 ਕਰੋੜ ਰੁਪਏ ਸੀ। ਜਿਸ ਵਿੱਚੋਂ ਕੁਝ ਪੈਸੇ ਕੁਲਵੰਤ ਸਿੰਘ ਨੇ ਉਸ ਨੂੰ ਦੇ ਦਿੱਤੇ। ਪਰ 2021 ਤੋਂ ਬਾਅਦ ਉਸ ਨੇ ਕੋਈ ਅਦਾਇਗੀ ਨਹੀਂ ਕੀਤੀ। ਇਸ ਦੇ ਖ਼ਿਲਾਫ਼ ਗੁਰੂਗ੍ਰਾਮ ਦੇ ਡੀਐਲਐਫ ਫੇਜ਼-2 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਮਾਮਲਾ ਗੁੜਗਾਓਂ ਦੇ ਸੈਕਟਰ 94 ਵਿੱਚ ਕਰੀਬ 100 ਏਕੜ ਜ਼ਮੀਨ ਦਾ ਹੈ। ਇਸ ਵਿੱਚ ਵਿਧਾਇਕ ਕੁਲਵੰਤ ਸਿੰਘ ਦੀ ਪਤਨੀ ’ਤੇ ਵੀ ਇਲਜ਼ਾਮ ਹਨ। ਧੋਖਾਧੜੀ ਦੇ ਨਾਲ-ਨਾਲ ਫਰਜ਼ੀ ਦਸਤਾਵੇਜ਼ ਦੇਣ ਦਾ ਵੀ ਇਲਜ਼ਾਮ ਲਾਇਆ ਗਿਆ ਹੈ।
ਪਿਛਲੇ ਸਾਲ ਹੋਈ ਸੀ ਈਡੀ ਦੀ ਛਾਪੇਮਾਰੀ
ਵਿਧਾਇਕ ਕੁਲਵੰਤ ਸਿੰਘ ਦੇ ਘਰ ’ਤੇ ਈਡੀ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਛਾਪਾ ਮਾਰਿਆ ਸੀ। ਇਸ ’ਚ ਉਨ੍ਹਾਂ ’ਤੇ ਦਿੱਲੀ ਦੇ ਸ਼ਰਾਬ ਕਾਰੋਬਾਰ ’ਚ ਹਿੱਸੇਦਾਰੀ ਦਾ ਇਲਜ਼ਾਮ ਲਗਾਇਆ ਗਿਆ ਸੀ। ਇਸ ਲਈ ਸ਼ਰਾਬ ਘੁਟਾਲੇ ਦੀ ਜਾਂਚ ਦੌਰਾਨ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ।
ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਸੀ। ਇਸ ਪੱਤਰ ਵਿੱਚ ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਵਿੱਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਹੋ ਰਹੀਆਂ ਹਨ। ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ।