Khetibadi Punjab Religion

ਸ੍ਰੀ ਅਕਾਲ ਤਖ਼ਤ ’ਤੇ ਪੁੱਜਿਆ ਕਿਸਾਨ ਮੋਰਚਿਆਂ ’ਤੇ ਬੇਅਦਬੀ ਦਾ ਮਾਮਲਾ

ਖਨੌਰੀ ਬਾਰਡਰ ’ਤੇ 19 ਮਾਰਚ ਨੂੰ ਜਪੁਜੀ ਸਾਹਿਬ ਦੇ ਚੱਲ ਰਹੇ ਅਖੰਡ ਜਾਪ ਵਿਚਾਲੇ ਰੁਕਵਾਉਣ ਅਤੇ ਅਖੰਡ ਜੋਤ ਬੰਦ ਕਰਵਾ ਕੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਵਫ਼ਦ ਨੇ ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਖਨੌਰੀ ਬਾਰਡਰ ’ਤੇ ਹੋਈ ਬੇਅਦਬੀ ਵਿਰੁੱਧ ਜਥੇਦਾਰ ਨੂੰ ਮਿਲ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਬੇਨਤੀ ਕੀਤੀ ਗਈ ਹੈ।

ਕਿਸਾਨ ਆਗੂਆਂ ਕਿਹਾ ਖਨੌਰੀ ਮੋਰਚੇ ਦੇ ਆਗੂਆਂ ਨੇ 25 ਮਾਰਚ ਨੂੰ ਜਥੇਦਾਰ ਅਕਾਲ ਤਖ਼ਤ ਨੂੰ ਆਨਲਾਈਨ ਦਰਖ਼ਾਸਤ ਭੇਜੀ ਗਈ ਸੀ। ਇਸ ਉਪਰੰਤ ਅੱਜ ਜਥੇਦਾਰ ਵਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਘਟਨਾ ਮੌਕੇ ਮੌਜੂਦ ਗਵਾਹਾਂ ਤੇ ਵਫ਼ਦ ਨੇ ਜਥੇਦਾਰ ਕੋਲ ਆਪਣੇ ਬਿਆਨ ਦਰਜ ਕਰਵਾ ਦਿਤੇ ਹਨ।

ਕਿਸਾਨ ਆਗੂਆਂ ਨੇ ਦਸਿਆ ਖਨੌਰੀ ਬਾਰਡਰ ’ਤੇ ਗੁਰੂ ਸਾਹਿਬ ਦੀ ਹਜ਼ੂਰੀ ’ਚ ਸੇਵਾ ਕਰਨ ਵਾਲੇ ਗੋਰਾ ਸਿੰਘ ਨੇ ਜਥੇਦਾਰ ਨੂੰ ਦੱਸਿਆ ਕਿ ਉੱਥੋਂ ਦੋ ਸੁੰਦਰ ਗੁਟਕਾ ਸਾਹਿਬ, ਦੋ ਸੈਂਚੀਆਂ, ਦੋ ਵੱਡੀਆਂ ਕਿਰਪਾਨਾਂ ਅਤੇ ਇਕ ਸ੍ਰੀ ਸਾਹਿਬ ਗਾਇਬ ਹਨ। ਆਗੂਆਂ ਨੇ ਦਸਿਆ ਕਿ ਜਥੇਦਾਰ ਵਲੋਂ ਖਨੌਰੀ ਬਾਰਡਰ ’ਤੇ 19 ਮਾਰਚ ਨੂੰ ਹੋਈ ਬੇਅਦਬੀ ਦੀ ਜਾਂਚ ਸਬੰਧੀ ਸਬ-ਕਮੇਟੀ ਬਣਾਉਣ ਦੇ ਆਦੇਸ਼ ਦਿਤੇ ਗਏ ਹਨ ਜੋ ਇਕ ਹਫ਼ਤੇ ’ਚ ਜਾਂਚ ਕਰ ਕੇ ਰਿਪੋਰਟ ਜਥੇਦਾਰ ਅਕਾਲ ਤਖ਼ਤ ਨੂੰ ਸੌਂਪੇਗੀ।