Punjab

13 ਸਾਲ ਦੇ ਬੱਚੇ ਦਾ ਕਾਰਾ, ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਹੋਈਆਂ ਵਾਇਰਲ, ਗ੍ਰਿਫਤਾਰ ਕਰਕੇ ਬਾਲ ਘਰ ਭੇਜ ਦਿੱਤਾ ਗਿਆ

Case of 13-year-old child, objectionable pictures of female students went viral, arrested and sent to juvenile home

ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਇਤਰਾਜ਼ਯੋਗ ਤਸਵੀਰਾਂ (ਫ਼ੋਟੋਆਂ ਨਾਲ ਛੇੜਛਾੜ ਕਰਕੇ ਬਣਾਈਆਂ) ਸੋਸ਼ਲ ਮੀਡੀਆ ‘ਤੇ ਅੱਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਉਕਤ ਸਕੂਲ ਦੇ 13 ਸਾਲਾ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਉਕਤ ਲੜਕੀਆਂ ਦੀ ਜਮਾਤ ‘ਚ ਪੜ੍ਹਦਾ ਹੈ। ਸੈਕਟਰ-11 ਥਾਣੇ ਦੀ ਪੁਲੀਸ ਨੇ ਬੱਚੇ ਨੂੰ ਬਾਲ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਉਸ ਨੂੰ ਸੈਕਟਰ-25 ਸਥਿਤ ਬਾਲ ਘਰ ਭੇਜ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਕੂਲ ਦੇ ਕੁਝ ਵਿਦਿਆਰਥੀਆਂ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੀਆਂ ਲੜਕੀਆਂ ਦੀਆਂ ਫ਼ੋਟੋਆਂ ਸਕੂਲ ਦੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕੀਤੀਆਂ ਗਈਆਂ ਸਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਫ਼ੋਟੋਆਂ ਨੂੰ ਉਨ੍ਹਾਂ ਲੜਕੀਆਂ ਦੀਆਂ ਇਤਰਾਜ਼ਯੋਗ ਫ਼ੋਟੋਆਂ ਵਿੱਚ ਬਦਲ ਕੇ ਸੋਸ਼ਲ ਮੀਡੀਆ ‘ਤੇ ਅੱਪਲੋਡ ਕੀਤਾ ਗਿਆ ਸੀ।

ਪੁਲਿਸ ਨੇ ਮੁੱਢਲੇ ਤੌਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਪੁਲਿਸ ਨੇ 13 ਸਾਲਾ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਬੱਚੇ ਕੋਲੋਂ ਉਹ ਮੋਬਾਈਲ ਵੀ ਬਰਾਮਦ ਕਰ ਲਿਆ ਹੈ ਜਿਸ ਨਾਲ ਉਸ ਨੇ ਛੇੜਛਾੜ ਕੀਤੀ ਸੀ। ਪੁਲਿਸ ਨੇ ਉਸ ਸੋਸ਼ਲ ਮੀਡੀਆ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਹੈ, ਜਿਸ ‘ਤੇ ਲੜਕੀਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ।

ਐੱਸਐੱਸਪੀ ਯੂਟੀ ਕੰਵਰਦੀਪ ਕੌਰ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਵਿੱਚ 13 ਸਾਲਾ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਆਪਣੀ ਹੀ ਜਮਾਤ ਦੇ ਵਿਦਿਆਰਥੀਆਂ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਸਨ। ਉਨ੍ਹਾਂ ਨੇ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਡਿਲੀਟ ਕਰ ਦਿੱਤਾ ਹੈ। ਫ਼ੋਨ ਨੂੰ ਫੋਰੈਂਸਿਕ ਜਾਂਚ ਅਤੇ ਪੁਰਾਣੇ ਡੇਟਾ ਦੀ ਰਿਕਵਰੀ ਲਈ ਸੀਐਫਐਸਐਲ ਲੈਬ ਨੂੰ ਭੇਜਿਆ ਗਿਆ ਹੈ।