Punjab

ਤੇ ਆਖ਼ਰ ਲੁਧਿਆਣਾ ਪੁਲਿਸ ਨੂੰ ਅੱਕ ਚੱਬਣਾ ਪੈ ਹੀ ਗਿਆ

‘ਦ ਖ਼ਾਲਸ ਬਿਊਰੋ :- ਲੁਧਿਆਣਾ ਪੁਲਿਸ ਨੇ ਸਥਾਨਕ ਅਦਾਲਤ ਦੀਆਂ ਹਦਾਇਤਾਂ ‘ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪਰਚੇ ਵਿੱਚ ਸੱਤ ਹੋਰਾਂ ਦੇ ਨਾਂ ਵੀ ਸ਼ਾਮਿਲ ਹਨ। ਲੁਧਿਆਣਾ ਦੀ ਇੱਕ ਔਰਤ ਨੇ ਵਿਧਾਇਕ ਬੈਂਸ ਦੇ ਖਿਲਾਫ ਇੱਕ ਅਰਜ਼ੀ ਦੇ ਕੇ ਉਸ ਨਾਲ ਮਾੜਾ ਕਰਮ ਕਰਨ ਦੇ ਦੋਸ਼ ਲਾਏ ਸਨ। ਰੌਚਕ ਗੱਲ ਹੈ ਕਿ ਅੱਜ ਜਦੋਂ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਪਰਚਾ ਦਰਜ ਕੀਤਾ ਤਾਂ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੈਂਸ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਪੀੜਤਾ ਇੱਕ ਜ਼ਮੀਨੀ ਝਗੜੇ ਨੂੰ ਲੈ ਕੇ ਵਿਧਾਇਕ ਬੈਂਸ ਦੇ ਦਰਬਾਰ ਪਹੁੰਚੀ ਸੀ। ਕੇਸ ਦੇ ਨਿਪਟਾਰੇ ਦੇ ਨਾਂ ‘ਤੇ ਉਸਨੇ ਬੀਬੀ ਨਾਲ ਛੇੜ-ਛਾੜ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਨੇ 16 ਨਵੰਬਰ 2020 ਨੂੰ ਲੁਧਿਆਣਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ‘ਤੇ ਕੋਈ ਕਾਰਵਾਈ ਨਾ ਹੋਈ। ਪੁਲਿਸ ਨੂੰ ਝੰਜੋੜਨ ਲਈ ਪੀੜਤਾ ਸਮੇਤ ਕਈ ਸਿਆਸੀ ਪਾਰਟੀਆਂ ਵੱਲੋਂ ਧਰਨੇ ਦਿੱਤੇ ਗਏ ਪਰ ਪੁਲਿਸ ਨੇ ਅੱਖਾਂ ਮੀਚ ਰੱਖੀਆਂ। ਪੀੜਤਾ ਨੇ ਹਾਰ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦੇ ਦਿੱਤੇ ਸਨ, ਜਿਸ ‘ਤੇ ਅੱਜ ਕਾਰਵਾਈ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਮੁਲਜ਼ਮ ਨੇ ਲੁਧਿਆਣਾ ਅਦਾਲਤ ਦੇ ਹੁਕਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦੇ ਦੇਣ ਦਾ ਦਾਅਵਾ ਕੀਤਾ ਸੀ। ਉੱਚ ਅਦਾਲਤ ਵਿੱਚ ਕੇਸ ਦਾ ਕੀ ਬਣਿਆ ਅਤੇ ਵਿਧਾਇਕ ਸਮੇਤ ਸੱਤ ਹੋਰਾਂ ਖਿਲਾਫ ਕਿਹੜੀਆਂ ਧਾਰਾਵਾਂ ਲਾਈਆਂ ਗਈਆਂ ਹਨ, ਹਾਲੇ ਤੱਕ ਵਿਸਥਾਰਤ ਜਾਣਕਾਰੀ ਨਹੀਂ ਮਿਲ ਸਕੀ।