ਫ਼ਤਹਿਗੜ੍ਹ ਸਾਹਿਬ : ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਖਤਮ ਕਰਨ ਲਈ ਵਿਆਹ ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ‘ਚ ਹਥਿਆਰਾਂ ਦੀ ਨੁਮਾਇਸ਼ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਖ਼ਿਲਾਸ ਸਰਕਾਰ ਸਖ਼ਤ ਐਕਸ਼ਨ ਲੈ ਰਹੀ ਹੈ।
ਇਸੇ ਦੌਰਾਨ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਯੂ-ਟਿਊਬ ‘ਤੇ ਪੰਜਾਬੀ ਗੀਤ ‘ਚ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਗਾਇਕ ਸੁਖਮਨ ਹੀਰ ਅਤੇ ਗਾਇਕਾ ਜੈਸਮੀਨ ਅਖਤਰ ਸਣੇ ਵੀਡੀਓ ‘ਚ ਨਜ਼ਰ ਆ ਰਹੇ 5-7 ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਧ ਸਿੰਘ ਵੱਲੋਂ ਦਰਜ ਕੀਤਾ ਗਿਆ ਹੈ।
ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਸ਼ੁੱਕਰਵਾਰ ਨੂੰ ਹੀ ਸਵੈਗਰ ਮਿਊਜ਼ਿਕ ਚੈਨਲ ‘ਤੇ ਯੂ-ਟਿਊਬ ‘ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲਾ ਗੀਤ ਅਪਲੋਡ ਕੀਤਾ ਗਿਆ ਸੀ। ਸ਼ਾਮ ਤੱਕ ਇਸ ਨੂੰ 5.5 ਲੱਖ ਵਿਊਜ਼ ਮਿਲ ਚੁੱਕੇ ਸਨ। ਪੁਲਿਸ ਨੇ ਤੁਰੰਤ ਮਾਮਲੇ ਦਾ ਨੋਟਿਸ ਲਿਆ।
ਡੀ.ਐਸ.ਪੀ.ਖਮਾਣੋਂ ਰਮਿੰਦਰ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਥਾਣਾ ਖੇੜੀ ਨੌਧ ਸਿੰਘ ਹਰਮਿੰਦਰ ਸਿੰਘ, ਯੂ-ਟਿਊਬ ‘ਤੇ ਚੱਲ ਰਹੇ ਗੀਤ ਕਾਫਿਲਾ ਦੇ ਗਿਰੋਹ ਸੁਖਮਨ ਹੀਰ ਵਾਸੀ ਪਿੰਡ ਭਾਦੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਪ੍ਰਸਿੱਧ ਗਾਇਕਾ ਜੈਸਮੀਨ ਅਖ਼ਤਰ ਸਮੇਤ 5-7 ਅਣਪਛਾਤੇ ਵਿਅਕਤੀਆਂ ‘ਤੇ ਅਸਲਾ ਐਕਟ ਦੀ ਧਾਰਾ 153 ਆਈ, 188, 504 ਅਤੇ ਧਾਰਾ 30 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੀਤ ਨੂੰ ਯੂਟਿਊਬ ‘ਤੇ ਪੰਜ ਲੱਖ ਤੋਂ ਵੱਧ ਵਿਊਜ਼ ਹੋ ਚੁੱਕੇ ਹਨ। ਕਮੈਂਟਸ ‘ਚ ਲੋਕ ਗੀਤ ਦੇ ਵੀਡੀਓ ਅਤੇ ਬੋਲ ਦੀ ਤਾਰੀਫ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ ਕਲਾਕਾਰਾਂ ‘ਤੇ ਗੰਨ ਕਲਚਰ ਨੂੰ ਲੈ ਕੇ ਪਰਚੇ ਦਰਜ ਹੋਏ ਹਨ।ਪੰਜਾਬੀ ਗਾਇਕ ਕੁਲਜੀਤ ਵੱਲੋਂ ਆਪਣੇ ਗੀਤ ਵਿੱਚ ਹਥਿਆਰਾਂ ਦਾ ਜ਼ਿਕਰ ਕਰਨ ਉਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਬਾਘਾ ਪੁਰਾਣਾ ਪੁਲਿਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਸੀ। ਗਾਇਕ ਕੁਲਜੀਤ ਨੇ ਆਪਣਾ ਨਵਾਂ ਗਾਣਾ ਸੋਸ਼ਲ ਮੀਡੀਆ ਉਤੇ ਅਪਲੋਡ ਕੀਤਾ ਸੀ, ਜਿਸ ਵਿੱਚ ਹਥਿਆਰਾਂ ਦਾ ਜ਼ਿਕਰ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਵੀ ਹਥਿਆਰ ਕਲਚਰ ਨੂੰ ਸੋਸ਼ਲ ਮੀਡੀਆ ‘ਤੇ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਗਾਇਕ ‘ਤੇ ਮੁਕੱਦਮਾ ਕਰਜ ਕੀਤਾ ਗਿਆ ਸੀ। ਦੱਸ ਦਈਏ ਕਿ ਰਾਏਕੋਟ ਥਾਣਾ ਸਦਰ ਪੁਲਿਸ ਵੱਲੋਂ ਹਥਿਆਰ ਕਲਚਰ ਨੂੰ ਸੋਸ਼ਲ ਮੀਡੀਆ ‘ਤੇ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਗਾਇਕ, ਗੀਤ ਦੇ ਪ੍ਰੋਡਿਊਸਰ ਤੇ ਇੱਕ ਮਿਊਜ਼ਿਕ ਕੰਪਨੀ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਸੀ।
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲਿਸ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਗੀਤ ਦੇ ਪ੍ਰੋਡਿਊਸਰ ਸੱਤਾ ਡੀਕੇ ਤੇ ਗਾਇਕ ਤਾਰੀ ਕਾਸ਼ਾਪੁਰੀਆ ਵੱਲੋਂ 32 ਬੋਰ ਨਾਂ ਹੇਠ ਇਕ ਗੀਤ ‘ਡੱਬ ਵਿੱਚ ਰੱਖੀ ਦਾ ਹੈ 32 ਬੋਰ’ ਲਵ ਮਿਊਜ਼ਕ ਕੰਪਨੀ ਦੇ ਬੈਨਰ ਹੇਠ ਯੂ-ਟਿਊਬ ‘ਤੇ ਜਾਰੀ ਕੀਤਾ ਗਿਆ ਹੈ। ਗੀਤ ਦਾ ਪ੍ਰੋਡਿਊਸਰ ਸੱਤਾ ਡੀਕੇ ਰਾਏਕੋਟ ਨੇੜਲੇ ਪਿੰਡ ਭੈਣੀ ਦਰੇੜਾਂ ਦਾ ਵਸਨੀਕ ਹੈ। ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਦਰ ਰਾਏਕੋਟ ਵਿਖੇ ਗਾਇਕ ਤਾਰੀ ਕਾਸਾਪੁਰੀਆ, ਪ੍ਰੋਡਿਊਸਰ ਸੱਤਾ ਡੀਕੇ ਤੇ ਲਵ ਮਿਊਜ਼ਕ ਕੰਪਨੀ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188, 294,504 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।