ਨਾਗਾਲੈਂਡ ਦੇ ਦੀਮਾਪੁਰ ਵਿਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਪਹਾੜ ਤੋਂ ਚੱਟਾਨ ਦਾ ਵੱਡਾ ਹਿੱਸਾ ਸੜਕ ‘ਤੇ ਖੜ੍ਹੀਆਂ ਕਾਰਾਂ ‘ਤੇ ਡਿੱਗ ਗਿਆ। ਪੱਥਰ ਇੰਨੀ ਰਫ਼ਤਾਰ ਨਾਲ ਡਿੱਗੇ ਕਿ ਕਾਰਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ।
ਦੀਮਾਪੁਰ ਦੇ ਚੁਮੋਕੇਡਿਮਾ ‘ਚ ਹੋਏ ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਇਹ ਸਾਰੀ ਘਟਨਾ ਕਾਰਾਂ ਦੇ ਪਿੱਛੇ ਖੜ੍ਹੀ ਕਾਰ ਦੇ ਡੈਸ਼ਬੋਰਡ ਕੈਮਰੇ ‘ਚ ਕੈਦ ਹੋ ਗਈ, ਜਿਨ੍ਹਾਂ ਨੂੰ ਪੱਥਰਾਂ ਨਾਲ ਕੁਚਲ ਦਿੱਤਾ ਗਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਿਰਫ਼ 3 ਸਕਿੰਟਾਂ ‘ਚ ਇਕ ਤੋਂ ਬਾਅਦ ਇਕ ਤਿੰਨ ਕਾਰਾਂ ‘ਤੇ ਦੋ ਵੱਡੇ ਪੱਥਰ ਡਿੱਗੇ।
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਭਾਰੀ ਚੱਟਾਨ ਦੇ ਡਿੱਗਣ ਕਾਰਨ ਇੱਕ ਕਾਰ ਪੂਰੀ ਤਰ੍ਹਾਂ ਨਾਲ ਕੁਚਲ ਗਈ।
ਨਿਊਜ਼ ਏਜੰਸੀ ਏਐਨਆਈ ਨੇ ਘਟਨਾ ਦੀ 5 ਸੈਕੰਡ ਦੀ ਵੀਡੀਓ ਸਾਂਝੀ ਕੀਤੀ ਹੈ। ਪਹਿਲੀ ਕਾਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਤੋਂ ਬਾਅਦ ਚੱਟਾਨ ਦਾ ਇਹ ਹਿੱਸਾ ਅੱਗੇ ਖੜ੍ਹੀ ਇੱਕ ਹੋਰ ਕਾਰ ਨਾਲ ਵੀ ਟਕਰਾ ਜਾਂਦਾ ਹੈ। ਦੂਸਰੀ ਕਾਰ ਚੱਟਾਨ ਦੀ ਲਪੇਟ ‘ਚ ਆ ਕੇ ਟੇਢੀ ਹੋ ਗਈ। ਚੱਟਾਨ ਦੇ ਦੂਜੇ ਹਿੱਸੇ ਤੋਂ ਅੱਗੇ ਖੜ੍ਹੀ ਕਾਰ ‘ਚ ਬੈਠੇ ਲੋਕ ਜ਼ਖ਼ਮੀ ਹੋ ਗਏ। ਇਹ ਵੀਡੀਓ ਪਿਛਲੇ ਪਾਸੇ ਇਕ ਹੋਰ ਕਾਰ ਦੇ ਡੈਸ਼ਬੋਰਡ ‘ਤੇ ਲੱਗੇ ਕੈਮਰੇ ‘ਚ ਕੈਦ ਹੋ ਗਈ।
#WATCH | A massive rock smashed a car leaving two people dead and three seriously injured in Dimapur's Chumoukedima, Nagaland, earlier today
(Viral video confirmed by police) pic.twitter.com/0rVUYZLZFN
— ANI (@ANI) July 4, 2023
ਦੀਮਾਪੁਰ ਦੇ ਪੁਲਿਸ ਕਮਿਸ਼ਨਰ ਕੇਵੀਥੂਤੋ ਸੋਫੀ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਸ਼ਾਮ 5.30 ਵਜੇ ਦੀਮਾਪੁਰ ‘ਚ ਪੁਰਾਣੀ ਚੁਮੋਕੇਡਿਮਾ ਪੁਲਿਸ ਚੈਕਿੰਗ ਗੇਟ ਦੇ ਸਾਹਮਣੇ ਵਾਪਰਿਆ। ਹਾਦਸੇ ਵਿੱਚ ਚਾਰ ਵਾਹਨ ਨੁਕਸਾਨੇ ਗਏ। ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਅਤੇ ਦੀਮਾਪੁਰ ਦੇ ਹਸਪਤਾਲ ‘ਚ ਭੇਜ ਦਿੱਤਾ ਗਿਆ। ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਹਾਈਵੇਅ ’ਤੇ ਕਾਫ਼ੀ ਦੇਰ ਤੱਕ ਟਰੈਫ਼ਿਕ ਜਾਮ ਰਿਹਾ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਕੁਝ ਅਧਿਕਾਰੀ ਮ੍ਰਿਤਕਾਂ ਅਤੇ ਜ਼ਖ਼ਮੀਆਂ ਬਾਰੇ ਜਾਣਕਾਰੀ ਲੈਣ ਲਈ ਹਸਪਤਾਲ ਗਏ। ਹਾਲਾਂਕਿ ਅਜੇ ਤੱਕ ਕਿਸੇ ਦੀ ਪਛਾਣ ਨਹੀਂ ਹੋ ਸਕੀ ਹੈ।
ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਨੇ ਟਵੀਟ ਕਰਕੇ ਹਾਦਸੇ ‘ਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਜਿਸ ਜਗ੍ਹਾ ‘ਤੇ ਇਹ ਹਾਦਸਾ ਹੋਇਆ ਹੈ, ਉਸ ਨੂੰ ‘ਪਕਾਲਾ ਪਹਾੜ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਥਾਂ ਜ਼ਮੀਨ ਖਿਸਕਣ ਅਤੇ ਚਟਾਨਾਂ ਦੇ ਡਿੱਗਣ ਲਈ ਜਾਣੀ ਜਾਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਮ੍ਰਿਤਕਾਂ ਦੇ ਪਰਿਵਾਰ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਜ਼ਖ਼ਮੀਆਂ ਨੂੰ ਹਰ ਲੋੜੀਂਦੀ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ।