ਅੱਜ ਸਵੇਰੇ ਬਠਿੰਡਾ ਨੇੜੇ ਸਰਹੰਦ ਨਹਿਰ ਵਿੱਚ ਇੱਕ ਹੌਂਡਾ ਅਮੇਜ਼ ਕਾਰ ਡਿੱਗਣ ਦੀ ਘਟਨਾ ਵਾਪਰੀ, ਜਿਸ ਵਿੱਚ 11 ਜਣੇ ਸਵਾਰ ਸਨ, ਜਿਨ੍ਹਾਂ ਵਿੱਚ ਪੰਜ ਛੋਟੇ ਬੱਚੇ ਵੀ ਸ਼ਾਮਲ ਸਨ।
ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਅਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸਾਰੇ ਸਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪੁਲਿਸ ਦੇ ਇੱਕ ਜਵਾਨ ਨੇ ਵਰਦੀ ਸਮੇਤ ਨਹਿਰ ਵਿੱਚ ਛਾਲ ਮਾਰ ਕੇ ਸਵਾਰਾਂ ਨੂੰ ਬਚਾਉਣ ਵਿੱਚ ਅਹਿਮ ਯੋਗਦਾਨ ਦਿੱਤਾ, ਜਿਸ ਦੀ ਮੌਕੇ ‘ਤੇ ਮੌਜੂਦ ਲੋਕਾਂ ਨੇ ਬਹੁਤ ਸ਼ਲਾਘਾ ਕੀਤੀ।
ਕਾਰ ਨੂੰ ਬਾਅਦ ਵਿੱਚ ਹੈਡਰਾ ਦੀ ਮਦਦ ਨਾਲ ਨਹਿਰ ਵਿੱਚੋਂ ਕੱਢਿਆ ਗਿਆ।ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਉਨ੍ਹਾਂ ਦੀ ਟੀਮ ਐਂਬੂਲੈਂਸ ਸਮੇਤ ਮੌਕੇ ‘ਤੇ ਪਹੁੰਚੀ ਅਤੇ ਪੁਲਿਸ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ।
ਸਾਰੇ ਸਵਾਰ ਸੁਰੱਖਿਅਤ ਹਨ, ਪਰ ਕਾਰ ਦੇ ਨਹਿਰ ਵਿੱਚ ਡਿੱਗਣ ਦਾ ਕਾਰਨ ਅਤੇ ਸਵਾਰਾਂ ਦੀ ਪਛਾਣ ਸਬੰਧੀ ਹਾਲੇ ਪੂਰੀ ਜਾਣਕਾਰੀ ਨਹੀਂ ਮਿਲੀ। ਸਵਾਰ ਕਿੱਥੋਂ ਆਏ ਸਨ ਅਤੇ ਕਿੱਥੇ ਜਾ ਰਹੇ ਸਨ, ਇਸ ਬਾਰੇ ਵੀ ਜਾਂਚ ਜਾਰੀ ਹੈ।