India

ਪ੍ਰੀਖਿਆ ਦੇਣ ਜਾ ਰਹੇ ਨੌਜਵਾਨਾਂ ਨਾਲ ਭਿਆਨਕ ਹਾਦਸਾ! 3 ਨੌਜਵਾਨ ਜ਼ਿੰਦਾ ਸੜੇ, ਚੌਥਾ ਬੁਰੀ ਤਰ੍ਹਾਂ ਝੁਲਸਿਆ

ਕੁਰੂਕਸ਼ੇਤਰ: ਹਰਿਆਣਾ ਦੇ ਕੁਰੂਕਸ਼ੇਤਰ ’ਚ ਨੈਸ਼ਨਲ ਹਾਈਵੇਅ 152ਡੀ ’ਤੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਨੂੰ ਅੱਗ ਲੱਗ ਗਈ। ਕਾਰ ਵਿੱਚ ਸਵਾਰ ਤਿੰਨ ਨੌਜਵਾਨ ਅੱਗ ਵਿੱਚ ਜ਼ਿੰਦਾ ਸੜ ਗਏ, ਜਦਕਿ ਚੌਥਾ ਬੁਰੀ ਤਰ੍ਹਾਂ ਝੁਲਸ ਗਿਆ। ਇਹ ਚਾਰੇ ਨੌਜਵਾਨ ਪ੍ਰੀਖਿਆ ਦੇਣ ਲਈ ਹਿਮਾਚਲ ਪ੍ਰਦੇਸ਼ ਜਾ ਰਹੇ ਸਨ।

ਘਟਨਾ ਸੋਮਵਾਰ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਝੱਜਰ ਦੇ ਪਿੰਡ ਮੰਜਪੁਰਾ ਦਾ ਰਹਿਣ ਵਾਲਾ ਆਸ਼ੀਸ਼ ਅਤੇ ਉਸ ਦੇ ਤਿੰਨ ਦੋਸਤ ਸਵਿਫਟ ਕਾਰ ’ਚ ਪ੍ਰੀਖਿਆ ਦੇਣ ਲਈ ਹਿਮਾਚਲ ਪ੍ਰਦੇਸ਼ ਜਾ ਰਹੇ ਸਨ।

ਬੀਤੀ ਰਾਤ 11 ਵਜੇ ਦੇ ਕਰੀਬ ਐਨਐਚ 152 ਡੀ ’ਤੇ ਪਿੰਡ ਮੁਰਤਜਾਪੁਰ ਨੇੜੇ ਉਸ ਦੀ ਕਾਰ ਇੱਕ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਉਸ ਦੀ ਕਾਰ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਅੱਗ ਲੱਗਣ ਕਾਰਨ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਸੜ ਗਏ ਅਤੇ ਆਸ਼ੀਸ਼ ਬੁਰੀ ਤਰ੍ਹਾਂ ਝੁਲਸ ਗਿਆ। ਜ਼ਖਮੀ ਨੌਜਵਾਨ ਨੂੰ ਮੈਟਰੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਈਆਂ

ਪੁਲਿਸ ਮੁਤਾਬਕ ਆਸ਼ੀਸ਼ ਫਿਲਹਾਲ ਕੋਈ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਉਸ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 3 ਨੌਜਵਾਨ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਹਨ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਤਿੰਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਟਰੱਕ ਡਰਾਈਵਰ ਮੌਕੇ ਤੋਂ ਫਰਾਰ

ਜਾਂਚ ਅਧਿਕਾਰੀ ਏਐਸਆਈ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ’ਚ ਜ਼ਖ਼ਮੀ ਨੌਜਵਾਨ ਦੀ ਹਾਲਤ ਅਜੇ ਠੀਕ ਨਹੀਂ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ – ਪੰਜਾਬ ‘ਚ ਭਾਜਪਾ ਦੇ ਸਿੱਖ ਲੀਡਰਾਂ ਨੂੰ ਜਾਨੋਂ ਮਾਰਨ ਦੀ ਧਮਕੀ