Punjab

ਕੈਪਟਨ ਦੀ ਮੁੜ PM ਨੂੰ ਚਿੱਠੀ, ਕੀਤੀ ਨਵੀਂ ਹੀ ਮੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ। ਕੈਪਟਨ ਨੇ ਚਿੱਠੀ ਵਿੱਚ ਮੋਦੀ ਨੂੰ ਕਰੋਨਾ ਵੈਕਸੀਨ ਸਬੰਧੀ ਇੱਕ ਏਜੰਸੀ ਬਣਾਉਣ ਦੀ ਮੰਗ ਕੀਤੀ ਹੈ। ਕੈਪਟਨ ਨੇ ਮੋਦੀ ਨੂੰ 18 ਤੋਂ 44 ਸਾਲ ਦੀ ਉਮਰ ਵਰਗ ਲਈ ਵੈਕਸੀਨ ਖਰੀਦਣ ਅਤੇ ਵੰਡਣ ਲਈ ਕੇਂਦਰ ਸਰਕਾਰ ਦੀ ਇਕਲੌਤੀ ਏਜੰਸੀ ਬਣਾਉਣ ਦੀ ਅਪੀਲ ਕੀਤੀ ਹੈ। ਕੈਪਟਨ ਨੇ ਕਿਹਾ ਕਿ ਸਿਰਫ ਇੱਕ ਹੀ ਏਜੰਸੀ ਨੂੰ ਵੈਕਸੀਨ ਦੀ ਜ਼ਿੰਮੇਵਾਰੀ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਵੈਕਸੀਨ ਖਰੀਦਣ ਸਮੇਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਨੇ ਕਿਹਾ ਕਿ ਸਿਰਫ ਇੱਕ ਏਜੰਸੀ ਹੀ ਵੈਕਸੀਨਾਂ ਦੀ ਖਰੀਦ ਕਰਕੇ ਸਾਰੇ ਸੂਬਿਆਂ ਨੂੰ ਵੈਕਸੀਨ ਦੀ ਵੰਡ ਕਰੇ। ਕੈਪਟਨ ਨੇ ਕਿਹਾ ਕਿ “ਮਹਾਂਮਾਰੀ ਦੀ ਸਥਿਤੀ ਵਿੱਚ ਸਮੁੱਚੀ ਯੋਗ ਆਬਾਦੀ ਦਾ ਟੀਕਾਕਰਨ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਕਿਸੇ ਤਰ੍ਹਾਂ ਦੀ ਗੈਰ-ਸ਼ਮੂਲੀਅਤ ਬਾਕੀ ਸਮੂਹਿਕ ਯਤਨਾਂ ਨੂੰ ਕਮਜ਼ੋਰ ਕਰ ਸਕਦੀ ਹੈ”।

ਕੈਪਟਨ ਨੇ ਪਹਿਲਾਂ ਵੀ ਕਈ ਵਾਰ ਕੇਂਦਰ ਸਰਕਾਰ ਨੂੰ ਪੰਜਾਬ ਵਿੱਚ ਕਰੋਨਾ ਵੈਕਸੀਨ ਅਤੇ ਆਕਸੀਜਨ ਸਪਲਾਈ ਕਰਨ ਦੀ ਮੰਗ ਕੀਤੀ ਸੀ ਅਤੇ ਕਈ ਵਾਰ ਚਿੱਠੀ ਲਿਖੀ ਸੀ। ਹਾਲੇ ਵੀ ਸੂਬੇ ਵਿੱਚ ਕਰੋਨਾ ਵੈਕਸੀਨ ਦੀ ਘਾਟ ਹੈ। ਪੰਜਾਬ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰ ਹਸਪਤਾਲਾਂ ਵਿੱਚ ਹਾਲੇ ਤੱਕ ਪੂਰੀਆਂ ਸਹੂਲਤਾਂ ਮਰੀਜ਼ਾਂ ਨੂੰ ਨਹੀਂ ਮਿਲ ਰਹੀਆਂ।