‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਜਿੱਥੇ ਕਰੋਨਾ ਪਾਜ਼ੀਟਿਵ ਕੇਸ ਵੱਧਦੇ ਜਾ ਰਹੇ ਹਨ, ਉੱਥੇ ਹੀ ਆਕਸੀਜਨ ਅਤੇ ਕਰੋਨਾ ਵੈਕਸੀਨ ਦੀ ਘਾਟ ਹੁੰਦੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਮਰੀਜ਼ਾਂ ਲਈ ਮੈਡੀਕਲ ਆਕਸੀਜਨ ਦੀ ਕਮੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਪੰਜਾਬ ਲਈ ਰੋਜ਼ਾਨਾ ਘੱਟੋ-ਘੱਟ 120 ਐਮ.ਟੀ. ਨਿਰਵਿਘਨ ਆਕਸੀਜਨ ਸਪਲਾਈ ਕਰਨ ਦੀ ਮੰਗ ਕੀਤੀ ਹੈ। ਕੈਪਟਨ ਨੇ ਕੇਂਦਰ ਸਰਕਾਰ ਵੱਲੋਂ ਦੋ ਮਹੀਨੇ ਪਹਿਲਾਂ ਮਨਜ਼ੂਰ ਕੀਤੇ ਪੀ.ਐੱਸ.ਏ. ਪਲਾਂਟਾਂ ਨੂੰ ਵੀ ਛੇਤੀ ਸਥਾਪਿਤ ਕਰਨ ਦੀ ਆਪਣੀ ਅਪੀਲ ਕੀਤੀ ਹੈ।
ਕੈਪਟਨ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਰੋਜ਼ਾਨਾ 120 ਐਮ.ਟੀ. ਦੀ ਸਪਲਾਈ ਕੀਤੀ ਜਾਵੇ, ਜੋ ਕਿ ਪੰਜਾਬ ਦੇ ਕੋਟੇ ਵਿੱਚੋਂ ਪੀ.ਜੀ.ਆਈ.ਐਮ.ਈ.ਆਰ., ਚੰਡੀਗੜ੍ਹ ਨੂੰ ਦਿੱਤੇ ਜਾਣ ਵਾਲੇ 22 ਐਮ.ਟੀ. ਹਿੱਸੇ ਤੋਂ ਵੱਖ ਹੋਵੇ। ਕੈਪਟਨ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਪੰਜਾਬ ’ਚ ਮੈਡੀਕਲ ਆਕਸੀਜਨ ਦੀ ਰੋਜ਼ਾਨਾ ਖ਼ਪਤ/ਲੋੜ 105-110 ਐਮ.ਟੀ. ਦੇ ਨੇੜੇ ਹੈ। ਇਹ ਲੋੜ ਅਗਲੇ ਦੋ ਹਫ਼ਤਿਆਂ ਵਿੱਚ ਵਧ ਕੇ 150-170 ਐਮ.ਟੀ. ਤੱਕ ਪਹੁੰਚ ਸਕਦੀ ਹੈ।
ਕੈਪਟਨ ਨੇ ਕਿਹਾ ਕਿ ਸੂਬੇ ਦੀ ਲੋੜ ਜ਼ਿਆਦਾਤਰ ਬਾਹਰੋਂ ਪੂਰੀ ਹੋਣ ਕਰਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ ਸਾਰੇ ਸੂਬਿਆਂ ਨੂੰ ਸਪਲਾਈ ਸਬੰਧੀ ਕੀਤੀ ਗਈ ਅਲਾਟਮੈਂਟ ਅਨੁਸਾਰ ਸਪਲਾਈ ਦਾ ਬਰਕਰਾਰ ਰਹਿਣਾ ਸੂਬੇ ਦੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਬੇਹੱਦ ਅਹਿਮ ਹੈ। ਆਕਸੀਜਨ ਬਾਰੇ ਕੇਂਦਰੀ ਕੰਟਰੋਲ ਗਰੁੱਪ ਵੱਲੋਂ 15 ਅਪ੍ਰੈਲ ਨੂੰ 126 ਐਮ.ਟੀ. (ਸਥਾਨਕ ਏ.ਐਸ.ਯੂਜ਼ ਤੋਂ 32 ਐਮ.ਟੀ. ਸਹਿਤ) ਦੀ ਅਲਾਟਮੈਂਟ ਕੀਤੀ ਗਈ ਸੀ ਪਰ ਇਹ ਅਲਾਟਮੈਂਟ 25 ਅਪ੍ਰੈਲ ਨੂੰ ਘਟਾ ਕੇ 82 ਐਮ.ਟੀ. ਕਰ ਦਿੱਤੀ ਗਈ। ਇਹ ਅਲਾਟਮੈਂਟ ਸੂਬੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਨਹੀਂ ਹੈ।