‘ਦ ਖ਼ਾਲਸ ਬਿਊਰੋ :- ਰਾਜਨੀਤਕ ਰਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣਾ ਕੰਮ ਛੱਡਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਮਗਰੋਂ ਪ੍ਰਸ਼ਾਂਤ ਕਿਸ਼ੋਰ ਨੇ ਚੋਣ ਮੈਨੇਜਰ ਵਜੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ, “ਉਹ ਇਸ ਕੰਮ ਨੂੰ ਜਾਰੀ ਨਹੀਂ ਰੱਖਣਾ ਚਾਹੁੰਦਾ, ਜੋ ਉਹ ਇਸ ਸਮੇਂ ਕਰ ਰਹੇ ਹਨ। ਮੈਂ ਬਹੁਤ ਕਰ ਲਿਆ। ਮੇਰੇ ਲਈ ਇੱਕ ਬਰੇਕ ਲੈਣ ਦਾ ਸਮਾਂ ਹੈ ਅਤੇ ਜ਼ਿੰਦਗੀ ਵਿੱਚ ਕੁੱਝ ਹੋਰ ਕਰਨ ਦਾ ਸਮਾਂ ਹੈ। ਮੈਂ ਇਹ ਜਗ੍ਹਾ ਛੱਡਣਾ ਚਾਹੁੰਦਾ ਹਾਂ।”
ਉਨ੍ਹਾਂ ਨੇ ਮਾਰਚ ਮਹੀਨੇ ਵਿੱਚ ਕਿਹਾ ਸੀ ਕਿ ਜੇ ਭਾਜਪਾ ਚੋਣਾਂ ਵਿੱਚ 100 ਦਾ ਅੰਕੜਾ ਪਾਰ ਕਰ ਲਵੇਗੀ ਤਾਂ ਉਹ ਆਪਣਾ ਕੰਮ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਬਾਰੇ ਸੋਚ ਰਹੇ ਸਨ ਪਰ ਕਿਸੇ ਢੁੱਕਵੇਂ ਸਮੇਂ ਦੀ ਉਡੀਕ ਵਿੱਚ ਸਨ। ਉਨ੍ਹਾਂ ਕਿਹਾ ਕਿ ਬੰਗਾਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਨੂੰ ਇਹ ਛੱਡਣ ਦਾ ਬਿਹਰਤ ਸਮਾਂ ਲੱਗ ਰਿਹਾ ਹੈ।
ਉਨ੍ਹਾਂ ਨੇ ਸਿਆਸਤ ਵਿੱਚ ਆਉਣ ਬਾਰੇ ਕਿਹਾ ਕਿ “ਮੈਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਮੈਂ ਅਸਫ਼ਲ ਰਿਹਾ ਹਾਂ, ਇਸ ਲਈ ਜੇ ਮੈਂ ਸਿਆਸਤ ਵਿੱਚ ਮੁੜ ਆਉਣਾ ਹੋਇਆ ਤਾਂ ਮੈਂ ਇਸ ਬਾਰੇ ਘੋਖ ਕਰਾਂਗਾ ਕਿ ਮੈਨੂੰ ਕੀ ਪਤਾ ਹੈ ਅਤੇ ਕੀ ਨਹੀਂ ਪਤਾ, ਕੀ ਮੈਨੂੰ ਬਿਹਤਰ ਤਰੀਕੇ ਨਾਲ ਜਾਣਨ ਦੀ ਲੋੜ ਹੈ, ਤਦ ਮੈਂ ਫ਼ੈਸਲਾ ਲਵਾਂਗਾ। ਹਾਲ ਦੀ ਘੜੀ ਮੈਂ ਇਸ ਬਾਰੇ ਫ਼ੈਸਲਾ ਨਹੀਂ ਲਿਆ, ਜੋ ਲਿਆ ਹੈ, ਉਹ ਇਹ ਹੀ ਹੈ ਕਿ ਮੈਂ ਬਹੁਤ ਕਰ ਲਿਆ।”
ਫਿਕਰਾਂ ‘ਚ ਪੰਜਾਬ ਸਰਕਾਰ
ਪ੍ਰਸ਼ਾਂਤ ਕਿਸ਼ੋਰ ਵੱਲੋਂ ਕੰਮ ਛੱਡਣ ਦੇ ਐਲਾਨ ਨੇ ਪੰਜਾਬ ਕਾਂਗਰਸ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਵਜੋਂ ਤਾਇਨਾਤ ਹੈ ਅਤੇ ਅਗਲੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਉਸ ਦੀਆਂ ਸੇਵਾਵਾਂ ਲੈਣ ਦੀ ਵਿਉਂਤ ਬਣਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਦਫ਼ਤਰ ਅਤੇ ਸਟਾਫ ਵੀ ਦਿੱਤਾ ਹੋਇਆ ਹੈ। ਪ੍ਰਸ਼ਾਂਤ ਕਿਸ਼ੋਰ ਦੇ ਇੱਕ ਦੋ ਦਿਨਾਂ ਵਿੱਚ ਪੰਜਾਬ ਆਉਣ ਦੀ ਜਾਣਕਾਰੀ ਵੀ ਮਿਲ ਰਹੀ ਸੀ। ਮੁੱਖ ਮੰਤਰੀ ਦਫ਼ਤਰ ਵੱਲੋਂ ਪ੍ਰਸ਼ਾਂਤ ਕਿਸ਼ੋਰ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।